ਨਵੀਂ ਦਿੱਲੀ, 12 ਅਗਸਤ
ਸੰਸਦ ਦੇ ਹੇਠਲੇ ਸਦਨ ’ਚੋਂ ਮੁਅੱਤਲ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਅੱਜ ਲੋਕ ਸਭਾ ’ਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਦੋਸ਼ ਲਾਇਆ ਕਿ ਭਾਜਪਾ ਵੱਖ ਵੱਖ ਢੰਗਾਂ ਨਾਲ ਵਿਰੋਧੀ ਧਿਰ ਦੀ ਆਵਾਜ਼ ਦਬਾਉਣ ਦੀ ਸਾਜ਼ਿਸ਼ ਰਚ ਰਹੀ ਹੈ। ਉਨ੍ਹਾਂ ਸੰਕੇਤ ਦਿੱਤੇ ਕਿ ਉਹ ਲੋਕ ਸਭਾ ’ਚੋਂ ਆਪਣੀ ਮੁਅੱਤਲੀ ਖ਼ਿਲਾਫ਼ ਸੁਪਰੀਮ ਕੋਰਟ ਜਾ ਸਕਦੇ ਹਨ ਤੇ ਇਸ ਸਬੰਧੀ ਵਿਚਾਰ-ਚਰਚਾ ਕੀਤੀ ਜਾ ਰਹੀ ਹੈ। ਉਨ੍ਹਾਂ ਆਪਣੀ ਮੁਅੱਤਲੀ ਨੂੰ ਹਾਕਮ ਧਿਰ ਦਾ ਨਾਸਮਝੀ ਵਾਲਾ ਕਦਮ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਅਜੀਬ ਜਿਹੀ ਸਥਿਤੀ ਵਿੱਚ ਪਾ ਦਿੱਤਾ ਗਿਆ ਹੈ ਜਿੱਥੇ ‘ਮੈਨੂੰ ਫਾਂਸੀ ਦੇ ਦਿੱਤੀ ਗਈ ਹੈ ਅਤੇ ਉਸ ਤੋਂ ਬਾਅਦ ਮੈਨੂੰ ਮੁਕੱਦਮੇ ਦਾ ਸਾਹਮਣਾ ਕਰਨਾ ਪਵੇਗਾ।’ ਆਪਣੇ ਸਮੇਤ ਚਾਰ ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਇਹ ਇਕ ਨਵਾਂ ਹੀ ਵਰਤਾਰਾ ਹੈ। ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘ਹਾਕਮ ਧਿਰ ਵਿਰੋਧੀ ਪਾਰਟੀਆਂ ਦੀ ਆਵਾਜ਼ ਦਬਾਉਣ ਲਈ ਵੱਖ ਵੱਖ ਢੰਗ ਵਰਤ ਕੇ ਸਾਜ਼ਿਸ਼ ਰਚ ਰਹੀ ਹੈ ਜਿਸ ਨੂੰ ਮੇਰੇ ’ਤੇ ਲਾਗੂ ਨਹੀਂ ਕੀਤਾ ਜਾਣਾ ਚਾਹੀਦਾ।’ ਉਨ੍ਹਾਂ ਕਿਹਾ, ‘ਸਦਨ ਦੇ ਮੁਖੀ ਦੀ ਇੱਜ਼ਤ ਕਰਦਿਆਂ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਮੈਂ ਸਦਨ ਦੇ ਮੁਖੀ ਦੀਆਂ ਹਦਾਇਤਾਂ ਦੀ ਉਲੰਘਣਾ ਨਹੀਂ ਕਰ ਸਕਦਾ। ਪਰ ਜੇਕਰ ਇਸ ਸਥਿਤੀ ਨੂੰ ਅਦਾਲਤ ਰਾਹੀਂ ਹੱਲ ਕੀਤਾ ਜਾ ਸਕਦਾ ਹੈ ਤਾਂ ਮੈਂ ਇਹ ਵੀ ਕਰਾਂਗਾ।’ ਉਨ੍ਹਾਂ ਕਿਹਾ ਕਿ ਇਸ ਮੁੱਦੇ ’ਤੇ ਸੁਪਰੀਮ ਕੋਰਟ ਜਾਣ ਜਾਂ ਨਾ ਜਾਣ ਬਾਰੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਸੰਸਦ ’ਚ ਕਿਸੇ ਦੀ ਬੇਇੱਜ਼ਤੀ ਕਰਨਾ ਨਹੀਂ ਸੀ। ਉਨ੍ਹਾਂ ਕਿਹਾ, ‘ਮੋਦੀ ਜੀ ਨੇ ਮਨੀਪੁਰ ਨੂੰ ਛੱਡ ਕੇ ਹਰ ਮੁੱਦੇ ’ਤੇ ਗੱਲ ਕੀਤੀ। ਉਹ ਮੌਜੂਦਾ ‘ਨੀਰਵ’ ਮਤਲਬ ਖਾਮੋਸ਼ ਹਨ। ‘ਨੀਰਵ’ ਦਾ ਮਤਲਬ ਖਾਮੋਸ਼ ਹੈ। ਮੇਰਾ ਮਕਸਦ ਪ੍ਰਧਾਨ ਮੰਤਰੀ ਮੋਦੀ ਦੀ ਬੇਇੱਜ਼ਤੀ ਕਰਨਾ ਨਹੀਂ ਸੀ।’ -ਪੀਟੀਆਈ
‘ਪ੍ਰਧਾਨ ਮੰਤਰੀ ਨੂੰ ‘ਇੰਡੀਆ’ ਤੋਂ ਪ੍ਰੇਸ਼ਾਨੀ ਕਿਉਂ?’
ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਮੋਦੀ ਜੀ ਨੇ ਕਈ ਸੰਖੇਪ ਸ਼ਬਦ ਦਿੱਤੇ ਹਨ ਪਰ ਅੱਜ ਉਨ੍ਹਾਂ (ਮੋਦੀ) ਨੂੰ ਲਗਦਾ ਹੈ ਕਿ ‘ਇੰਡੀਆ’ ਚੰਗਾ ਸ਼ਬਦ ਨਹੀਂ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਕਿਹਾ, ‘ਉਹ ਇੱਕ ਤਾਕਤਵਰ ਇਨਸਾਨ ਹਨ ਪਰ ਉਨ੍ਹਾਂ ਨੂੰ ‘ਇੰਡੀਆ’ ਸ਼ਬਦ ਨਾਲ ਪ੍ਰੇਸ਼ਾਨੀ ਕਿਉਂ ਹੈ? ਹੁਣ ਉਹ ‘ਭਾਰਤੀ’ ਨੂੰ ਲਿਆਏ ਹਨ। ਕੀ ਉਹ ‘ਇੰਡੀਆ’ ਤੇ ਭਾਰਤ ਵਿਚਾਲੇ ਮੁਕਾਬਲਾ ਕਰਵਾਉਣਗੇ? ਸਾਡਾ ਸੰਵਿਧਾਨ ਕਹਿੰਦਾ ਹੈ ਕਿ ਇੰਡੀਆ ਤੇ ਭਾਰਤ ਵਿਚਾਲੇ ਕੋਈ ਫਰਕ ਨਹੀਂ ਹੈ ਪਰ ਉਹ ਫਿਰ ਵੀ ਵਖਰੇਵਾਂ ਪੈਦਾ ਕਰਨਾ ਚਾਹੁੰਦੇ ਹਨ।’