ਪੀ.ਪੀ.ਵਰਮਾ
ਪੰਚਕੂਲਾ, 25 ਜੂਨ
ਪੁਰਾਣਾ ਪੰਚਕੂਲਾ ਘੱਗਰ ਦੇ ਪੁਲ ਹੇਠ ਅੱਜ ਸਵੇਰੇ ਪੂਜਾ ਸਮੱਗਰੀ ਵਹਾਉਣ ਗਈ ਇੱਕ ਮਹਿਲਾ ਕਾਰ ਸਣੇ ਪਾਣੀ ਦੇ ਤੇਜ਼ ਵਹਾਅ ਵਿੱਚ ਫਸ ਗਈ। ਇਸ ਤੋਂ ਇਲਾਵਾ ਘੱਗਰ ਦੇ ਦੂਜੇ ਪਾਸੇ ਵੀ ਸੱਤ ਪਰਵਾਸੀ ਪਾਣੀ ਵਿਚ ਫਸ ਗਏ ਜਿਨ੍ਹਾਂ ਸਾਰਿਆਂ ਨੂੰ ਸਥਾਨਕ ਲੋਕਾਂ ਨੇ ਮੁਸ਼ੱਕਤ ਨਾਲ ਬਾਹਰ ਕੱਢਿਆ। ਜਾਣਕਾਰੀ ਅਨੁਸਾਰ ਇਕ ਮਹਿਲਾ ਆਪਣੀ ਮਾਤਾ ਨਾਲ ਘੱਗਰ ਵਿੱਚ ਪੂਜਾ ਸਮੱਗਰੀ ਵਹਾਉਣ ਅਤੇ ਮੱਥਾ ਟੇਕਣ ਆਈ ਸੀ। ਇਸ ਤੋਂ ਬਾਅਦ ਅਚਾਨਕ ਹੀ ਘੱਗਰ ਵਿਚ ਪਾਣੀ ਚੜ੍ਹ ਗਿਆ ਜੋ ਕਾਰ ਉੱਪਰੋਂ ਦੀ ਲੰਘਣ ਲੱਗ ਪਿਆ। ਆਸ ਪਾਸ ਦੇ ਲੋਕਾਂ ਨੇ ਜਦੋਂ ਇਹ ਵਰਤਾਰਾ ਦੇਖਿਆ ਤਾਂ ਉਨ੍ਹਾਂ ਨੇ ਕਾਫੀ ਮੁਸ਼ੱਕਤ ਤੇ ਰੱਸੇ ਨਾਲ ਮਹਿਲਾ ਨੂੰ ਬਾਹਰ ਕੱਢਿਆ। ਇਸ ਮਹਿਲਾ ਦਾ ਨਾਂ ਸੰਗੀਤਾ ਦੱਸਿਆ ਗਿਆ ਹੈ ਅਤੇ ਇਹ ਸੈਕਟਰ-4 ਦੀ ਵਾਸੀ ਹੈ। ਇਸ ਦੌਰਾਨ ਇੱਕ ਕਰੇਨ ਵੀ ਸੱਦੀ ਗਈ ਜਿਸ ਦੀ ਮਦਦ ਨਾਲ ਕਾਰ ਨੂੰ ਪਾਣੀ ਵਿੱਚੋਂ ਕੱਢਿਆ ਗਿਆ। ਇੱਥੇ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਇਸ ਕਾਰ ਵਿੱਚ ਤਿੰਨ ਜਣੇ ਸਵਾਰ ਸਨ ਜਿਨ੍ਹਾਂ ਵਿੱਚ ਇਕ ਬੱਚਾ ਵੀ ਸੀ। ਜਦੋਂ ਕਾਰ ਪਾਣੀ ਵਿੱਚ ਵਹਿਣ ਲੱਗੀ ਤਾਂ ਦੋ ਜਣੇ ਕਾਰ ਵਿੱਚੋਂ ਬਾਹਰ ਆ ਗਏ ਪਰ ਇਹ ਮਹਿਲਾ ਕਾਰ ਵਿੱਚ ਫਸ ਗਈ। ਵਰਨਣਯੋਗ ਹੈ ਕਿ ਡਿਪਟੀ ਕਮਿਸ਼ਨਰ ਨੇ ਪੰਚਕੂਲਾ ‘ਚ ਘੱਗਰ ਦੇ ਆਸ-ਪਾਸ ਧਾਰਾ-144 ਲਾਈ ਹੋਈ ਹੈ, ਇਸ ਦੇ ਬਾਵਜੂਦ ਕਈ ਜਣੇ ਇੱਥੇ ਆਉਂਦੇ ਜਾਂਦੇ ਹਨ। ਦੂਜੇ ਪਾਸੇ, ਪੰਚਕੂਲਾ ਦੇ ਸੈਕਟਰ-27 ਵਿੱਚ ਘੱਗਰ ਪਾਰ ਕਰਦੇ ਸੱਤ ਵਿਅਕਤੀ ਫਸ ਗਏ। ਇਹ ਸਾਰੇ ਪੰਚਕੂਲਾ ਤੋਂ ਪੰਜਾਬ ਦੇ ਪੀਰ ਮੁਛੱਲਾ ਜਾ ਰਹੇ ਸਨ ਕਿ ਰਸਤੇ ਵਿੱਚ ਪਾਣੀ ਚੜ੍ਹ ਗਿਆ ਅਤੇ ਇਹ ਸਾਰੇ ਪਾਣੀ ਵਿੱਚ ਫਸ ਗਏ। ਇਸ ਤੋਂ ਬਾਅਦ ਐਨਡੀਆਰਐਫ ਦੀ ਟੀਮ ਨੂੰ ਸੱਦਿਆ ਗਿਆ। ਇਹ ਸੱਤੋਂ ਜਣੇ ਪਰਵਾਸੀ ਕਾਮੇ ਹਨ ਜਿਨ੍ਹਾਂ ਵਿੱਚ ਦੋ ਮਹਿਲਾਵਾਂ ਅਤੇ ਇੱਕ ਬੱਚਾ ਵੀ ਸ਼ਾਮਲ ਸੀ। ਇਸ ਤੋਂ ਬਾਅਦ ਸੈਕਟਰ-25 ਪੁਲੀਸ ਸਟੇਸ਼ਨ ਦੀ ਟੀਮ ਵੀ ਪਹੁੰਚ ਗਈ ਜਿਨ੍ਹਾਂ ਰਾਹਤ ਕਾਰਜ ਚਲਾਏ। ਅੱਜ ਸਵੇਰ ਤੋਂ ਹੀ ਭਾਰੀ ਮੀਂਹ ਪੈਣ ਕਾਰਨ ਪੰਚਕੂਲਾ ਦੀਆਂ ਕਈ ਨਦੀਆਂ ਪਾਣੀ ਨਾਲ ਨੱਕੋ ਨੱਕ ਭਰ ਗਈਆਂ ਜਿਸ ਕਾਰਨ ਆਸ ਪਾਸ ਦੇ ਲੋਕਾਂ ਨੂੰ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।