ਇਸਲਾਮਾਬਾਦ, 4 ਨਵੰਬਰ
ਮੁੱਖ ਅੰਸ਼
- ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਕਰ ਸਕਦੇ ਨੇ ਇਮਰਾਨ ਨਾਲ ਮੁਲਾਕਾਤ
ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ‘ਤੇ ਹੋਏ ਹਮਲੇ ਵਿਰੁੱਧ ਅੱਜ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਦੇ ਵਰਕਰ ਦੇਸ਼ ਭਰ ‘ਚ ਸੜਕਾਂ ‘ਤੇ ਉਤਰ ਆਏ। ਪੀਟੀਆਈ ਮੁਖੀ ‘ਤੇ ਹੋਏ ਜਾਨਲੇਵਾ ਹਮਲੇ ਮਗਰੋਂ ਰਾਵਲਪਿੰਡੀ ਦੇ ਚੱਕਬੇਲੀ ਮੋਰ ‘ਤੇ ਜੀਟੀ ਰੋਡ ਨੂੰ ਜਾਮ ਕਰ ਦਿੱਤਾ ਗਿਆ। ਉਥੇ ਹਿੰਸਕ ਪ੍ਰਦਰਸ਼ਨ ਦੇਖਣ ਨੂੰ ਮਿਲੇ। ਲੋਕਾਂ ਵੱਲੋਂ ਟਾਇਰਾਂ ਨੂੰ ਅੱਗ ਲਗਾ ਕੇ ਸੜਕ ਜਾਮ ਕੀਤੀ ਗਈ ਜਿਸ ਕਾਰਨ ਮੁਸਾਫ਼ਰਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਫੈਜ਼ਾਬਾਦ ‘ਚ ਪ੍ਰਦਰਸ਼ਨਕਾਰੀਆਂ ਨੇ ਪੁਲੀਸ ‘ਤੇ ਪਥਰਾਅ ਵੀ ਕੀਤਾ। ਪਿਸ਼ਾਵਰ ਜ਼ਿਲ੍ਹੇ ਦੇ ਟੌਲ ਪਲਾਜ਼ਾ ‘ਤੇ ਵੀ ਪਾਰਟੀ ਵਰਕਰਾਂ ਨੇ ਆਵਾਜਾਈ ਠੱਪ ਕਰ ਦਿੱਤੀ। ਪ੍ਰਦਰਸ਼ਨਾਂ ਵਾਲੀਆਂ ਥਾਵਾਂ ‘ਤੇ ਪੁਲੀਸ ਕਰਮੀ ਵੱਡੀ ਗਿਣਤੀ ‘ਚ ਤਾਇਨਾਤ ਹਨ। ਪੀਟੀਆਈ ਨੇ ਐਲਾਨ ਕੀਤਾ ਸੀ ਕਿ ਜੁੰਮੇ ਦੀ ਨਮਾਜ਼ ਮਗਰੋਂ ਦੇਸ਼ ਭਰ ‘ਚ ਪ੍ਰਦਰਸ਼ਨ ਕੀਤੇ ਜਾਣਗੇ। ਪਾਰਟੀ ਆਗੂਆਂ ਮੁਤਾਬਕ ਲਾਹੌਰ ਦੇ ਸ਼ੌਕਤ ਖ਼ਾਨਮ ਹਸਪਤਾਲ ‘ਚ ਅਪਰੇਸ਼ਨ ਮਗਰੋਂ ਇਮਰਾਨ ਖ਼ਾਨ ਦੀ ਸਿਹਤ ‘ਚ ਸੁਧਾਰ ਹੋ ਰਿਹਾ ਹੈ ਅਤੇ ਉਨ੍ਹਾਂ ਆਪਣਾ ਲੰਬਾ ਮਾਰਚ ਜਾਰੀ ਰੱਖਣ ਦਾ ਅਹਿਦ ਲਿਆ ਹੈ। ਡਾਅਨ ਨਿਊਜ਼ ਮੁਤਾਬਕ ਵੀਰਵਾਰ ਨੂੰ ਇਮਰਾਨ ‘ਤੇ ਹੋਏ ਹਮਲੇ ‘ਚ ਇਕ ਵਿਅਕਤੀ ਹਲਾਕ ਅਤੇ 14 ਹੋਰ ਜ਼ਖ਼ਮੀ ਹੋਏ ਸਨ। ਜੀਓ ਨਿਊਜ਼ ਮੁਤਾਬਕ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਬਾਰੇ ਮੰਤਰੀ ਰਾਣਾ ਸਨਾਉੱਲ੍ਹਾ ਨੇ ਕਿਹਾ ਕਿ ਜੇਕਰ ਹਾਲਾਤ ਸੁਧਰਦੇ ਹਨ ਤਾਂ ਹਾਕਮ ਪਾਰਟੀ ਦੇ ਆਗੂ ਇਮਰਾਨ ਖ਼ਾਨ ਨਾਲ ਮਿਲ ਕੇ ਉਨ੍ਹਾਂ ਦਾ ਹਾਲ-ਚਾਲ ਪੁੱਛਣਾ ਚਾਹੁਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਵੀ ਇਮਰਾਨ ਨਾਲ ਮੁਲਾਕਾਤ ਕਰ ਸਕਦੇ ਹਨ। ਪੀਟੀਆਈ ਵੱਲੋਂ ਉਨ੍ਹਾਂ ਖ਼ਿਲਾਫ਼ ਹਮਲੇ ਕਰਾਉਣ ਦੇ ਲਾਏ ਗਏ ਦੋਸ਼ਾਂ ਬਾਰੇ ਸਨਾਉੱਲ੍ਹਾ ਨੇ ਕਿਹਾ ਕਿ ਉਹ ਇਮਰਾਨ ਖ਼ਾਨ ਨੂੰ ਆਪਣਾ ਸਿਆਸੀ ਵਿਰੋਧੀ ਦੇਖਦੇ ਹਨ ਨਾ ਕਿ ਦੁਸ਼ਮਣ। ਉਨ੍ਹਾਂ ਕਿਹਾ ਕਿ ਹਮਲੇ ਦੀ ਕੋਈ ਵੀ ਐੱਫਆਈਆਰ ਦਰਜ ਨਹੀਂ ਕੀਤੀ ਗਈ ਹੈ ਤੇ ਸੂਬਾ ਸਰਕਾਰ ਸ਼ਾਇਦ ਆਪਣੀ ਇੱਛਾ ਮੁਤਾਬਕ ਐੱਫਆਈਆਰ ਦਰਜ ਕਰਨਾ ਚਾਹੁੰਦੀ ਹੈ। ਹਮਲਾਵਰ ਨਾਵੇਦ ਇਸ ਸਮੇਂ ਪੁਲੀਸ ਹਿਰਾਸਤ ‘ਚ ਹੈ ਅਤੇ ਉਸ ਤੋਂ ਲਗਾਤਾਰ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। -ਆਈਏਐੱਨਐੱਸ
ਹਮਲਾਵਰ ਦੇ ਕਬੂਲਨਾਮੇ ਦਾ ਵੀਡੀਓ ਲੀਕ ਹੋਣ ‘ਤੇ ਪੁਲੀਸ ਅਧਿਕਾਰੀ ਮੁਅੱਤਲ
ਲਾਹੌਰ: ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ‘ਤੇ ਹਮਲਾ ਕਰਨ ਵਾਲੇ ਵਿਅਕਤੀ ਦਾ ਕਬੂਲਨਾਮਾ ਲੀਕ ਹੋਣ ਦੇ ਮਾਮਲੇ ‘ਚ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਚੌਧਰੀ ਪਰਵੇਜ਼ ਇਲਾਹੀ ਨੇ ਪੁਲੀਸ ਅਤੇ ਹੋਰ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਏਆਰਆਈ ਨਿਊਜ਼ ਮੁਤਾਬਕ ਮੁੱਖ ਮੰਤਰੀ ਨੇ ਸ਼ੱਕੀ ਹਮਲਾਵਰ ਦਾ ਕਬੂਲਨਾਮਾ ਨਸ਼ਰ ਹੋਣ ਦੇ ਮਾਮਲੇ ਦਾ ਨੋਟਿਸ ਲਿਆ ਹੈ। ਉਨ੍ਹਾਂ ਆਈਜੀ ਨੂੰ ਗ਼ੈਰਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਸਨ। ਇਸ ਮਗਰੋਂ ਸਬੰਧਤ ਥਾਣੇ ਦੇ ਐੱਸਐੱਚਓ ਅਤੇ ਹੋਰ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਪੁਲੀਸ ਸਟੇਸ਼ਨ ਦੇ ਸਾਰੇ ਅਮਲੇ ਦੇ ਮੋਬਾਈਲ ਫੋਨ ਜ਼ਬਤ ਕਰਕੇ ਉਨ੍ਹਾਂ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ। -ਪੀਟੀਆਈ
ਇਮਰਾਨ ਦੀਆਂ ਸਾਬਕਾ ਪਤਨੀਆਂ ਨੇ ਵੀ ਕੀਤੀ ਹਮਲੇ ਦੀ ਨਿਖੇਧੀ
ਲਾਹੌਰ: ਇਮਰਾਨ ਖ਼ਾਨ ਦੀਆਂ ਸਾਬਕਾ ਪਤਨੀਆਂ ਨੇ ਉਸ ‘ਤੇ ਹੋਏ ਹਮਲੇ ਦੀ ਨਿਖੇਧੀ ਕੀਤੀ ਹੈ। ਅਪਰੇਸ਼ਨ ਤੋਂ ਬਾਅਦ ਉਸ ਦੀ ਹਾਲਤ ਸਥਿਰ ਹੋਣ ‘ਤੇ ਉਨ੍ਹਾਂ ਰਾਹਤ ਜਤਾਈ ਹੈ। ਉਸ ਦਾ ਪਹਿਲਾ ਨਿਕਾਹ ਜੇਮੀਮਾ ਗੋਲਡਸਮਿੱਥ ਨਾਲ 1995 ‘ਚ ਹੋਇਆ ਸੀ ਜੋ 9 ਸਾਲ ਤੱਕ ਚਲਿਆ। ਇਮਰਾਨ ਦਾ ਦੂਜਾ ਨਿਕਾਹ ਟੀਵੀ ਐਂਕਰ ਰੇਹਾਮ ਖ਼ਾਨ ਨਾਲ 2015 ‘ਚ ਹੋਇਆ ਸੀ ਜੋ 10 ਮਹੀਨਿਆਂ ‘ਚ ਟੁੱਟ ਗਿਆ ਸੀ। ਉਨ੍ਹਾਂ 2018 ‘ਚ ਤੀਜਾ ਨਿਕਾਹ ਬੁਸ਼ਰਾ ਮਾਨੇਕਾ ਨਾਲ ਕਰਵਾਇਆ ਹੈ। ਜੇਮੀਮਾ ਗੋਲਡਸਮਿੱਥ ਨੇ ਇਮਰਾਨ ਦੇ ਵਾਲ ਵਾਲ ਬਚ ਜਾਣ ‘ਤੇ ਸੁੱਖ ਦਾ ਸਾਹ ਲਿਆ ਅਤੇ ਹਮਲਾਵਰ ਨੂੰ ਫੜਨ ਵਾਲੇ ਇਬਤੇਸਾਮ ਨੂੰ ਨਾਇਕ ਕਰਾਰ ਦਿੱਤਾ। -ਪੀਟੀਆਈ
ਇਮਰਾਨ ‘ਤੇ ਹੋਏ ਹਮਲੇ ਦੀ ਅਮਰੀਕਾ ਵੱਲੋਂ ਨਿਖੇਧੀ
ਵਾਸ਼ਿੰਗਟਨ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ‘ਤੇ ਹੋਏ ਹਮਲੇ ਦੀ ਅਮਰੀਕਾ ਨੇ ਨਿਖੇਧੀ ਕੀਤੀ ਹੈ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਸਿਆਸਤ ‘ਚ ਹਿੰਸਾ ਲਈ ਕੋਈ ਥਾਂ ਨਹੀਂ ਹੈ ਅਤੇ ਉਹ ਜਮਹੂਰੀ ਤੇ ਸ਼ਾਂਤਮਈ ਪਾਕਿਸਤਾਨ ਪ੍ਰਤੀ ਵਚਨਬੱਧ ਹੈ। ਉਨ੍ਹਾਂ ਸਾਰੀਆਂ ਪਾਰਟੀਆਂ ਨੂੰ ਹਿੰਸਾ ਅਤੇ ਭੜਕਾਹਟ ਤੋਂ ਦੂਰੀ ਰਹਿਣ ਲਈ ਕਿਹਾ ਹੈ। ਉਨ੍ਹਾਂ ਗੋਲੀਬਾਰੀ ‘ਚ ਮਾਰੇ ਗਏ ਵਿਅਕਤੀ ਦੇ ਪਰਿਵਾਰ ਨਾਲ ਅਫ਼ਸੋਸ ਪ੍ਰਗਟ ਕੀਤਾ ਹੈ। ਉਧਰ ਵ੍ਹਾਈਟ ਹਾਊਸ ਨੇ ਵੀ ਇਮਰਾਨ ਅਤੇ ਉਨ੍ਹਾਂ ਦੇ ਸਮਰਥਕਾਂ ‘ਤੇ ਹੋਏ ਹਮਲੇ ਦੀ ਨਿਖੇਧੀ ਕਰਦਿਆਂ ਸਿਹਤਯਾਬੀ ਦੀ ਕਾਮਨਾ ਕੀਤੀ ਹੈ। -ਪੀਟੀਆਈ