ਨਵੀਂ ਦਿੱਲੀ, 26 ਜੂਨ
ਚੋਟੀ ਦੇ ਪਹਿਲਵਾਨਾਂ ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਤੇ ਬਜਰੰਗ ਪੂਨੀਆ ਨੇ ਆਪਣਾ ਸੰਘਰਸ਼ ਖ਼ਤਮ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਚਾਰਜਸ਼ੀਟ ਦਾਇਰ ਕਰਨ ਦਾ ਵਾਅਦਾ ਪੂਰਾ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਹਿਲਵਾਨਾਂ ਨੇ ਬ੍ਰਿਜ ਭੂਸ਼ਣ ‘ਤੇ ਜਿਨਸੀ ਛੇੜਛਾੜ ਦੇ ਦੋਸ਼ ਲਾਏ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਲੜਾਈ ਹੁਣ ਅਦਾਲਤ ਵਿਚ ਲੜੀ ਜਾਵੇਗੀ ਨਾ ਕਿ ਸੜਕਾਂ ਉਤੇ। ਵਿਨੇਸ਼ ਤੇ ਸਾਕਸ਼ੀ ਨੇ ਨਾਲ ਹੀ ਕਿਹਾ ਕਿ ਉਹ ਥੋੜ੍ਹੇ ਸਮੇਂ ਲਈ ਸੋਸ਼ਲ ਮੀਡੀਆ ਤੋਂ ਵੀ ਹਟ ਰਹੇ ਹਨ। ਮਲਿਕ ਨੇ ਐਤਵਾਰ ਟਵਿੱਟਰ ‘ਤੇ ਲਿਖਿਆ ਕਿ ਉਹ ਹੁਣ ਅਦਾਲਤ ਵਿਚ ਇਨਸਾਫ਼ ਦੀ ਲੜਾਈ ਲੜਨਗੇ। ਬਾਕੀ ਪਹਿਲਵਾਨਾਂ ਨੇ ਵੀ ਐਤਵਾਰ ਇਸੇ ਤਰ੍ਹਾਂ ਦੇ ਟਵੀਟ ਕੀਤੇ ਜਿਸ ਵਿਚ ਉਨ੍ਹਾਂ ਕਿਹਾ ਕਿ ਸਰਕਾਰ ਨੇ ਭਾਜਪਾ ਸੰਸਦ ਮੈਂਬਰ ਖ਼ਿਲਾਫ਼ ਚਾਰਜਸ਼ੀਟ ਦਾਖਲ ਕਰਨ ਦਾ ਵਾਅਦਾ ਪੂਰਾ ਕੀਤਾ ਹੈ। ਤਿੰਨ ਪਹਿਲਵਾਨਾਂ ਵੱਲੋਂ ਕੀਤੇ ਟਵੀਟ ਮੁਤਾਬਕ, ‘ਸੱਤ ਜੂਨ ਨੂੰ ਹੋਈ ਗੱਲਬਾਤ ਅਨੁਸਾਰ ਸਰਕਾਰ ਨੇ ਸਾਡੀਆਂ ਮੰਗਾਂ ਮੰਨ ਲਈਆਂ ਹਨ। ਦਿੱਲੀ ਪੁਲੀਸ ਨੇ ਛੇ ਮਹਿਲਾ ਪਹਿਲਵਾਨਾਂ ਵੱਲੋਂ ਦਰਜ ਕਰਵਾਈ ਐਫਆਈਆਰ ਦੇ ਆਧਾਰ ‘ਤੇ ਜਾਂਚ ਮਗਰੋਂ 15 ਜੂਨ ਨੂੰ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ।
ਉਨ੍ਹਾਂ ਨਾਲ ਹੀ ਕਿਹਾ ਕਿ ਉਹ ਕੁਸ਼ਤੀ ਫੈਡਰੇਸ਼ਨ ਦੀਆਂ ਨਵੇਂ ਸਿਰਿਓਂ ਹੋਣ ਵਾਲੀਆਂ ਚੋਣਾਂ ਦੀ ਉਡੀਕ ਕਰਨਗੇ ਜੋ ਕਿ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਮੁਤਾਬਕ 11 ਜੁਲਾਈ ਨੂੰ ਹੋਣੀਆਂ ਹਨ। ਪਹਿਲਵਾਨਾਂ ਨੇ ਕਿਹਾ ਕਿ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸੇ ਦੌਰਾਨ ਮਹਿਲਾ ਪਹਿਲਵਾਨਾਂ ਨੇ ਦਿੱਲੀ ਹਾਈ ਕੋਰਟ ਦਾ ਰੁਖ਼ ਕਰ ਕੇ ਬ੍ਰਿਜ ਭੂਸ਼ਣ ਖ਼ਿਲਾਫ਼ ਦਾਇਰ ਚਾਰਜਸ਼ੀਟ ਦੀ ਨਕਲ ਮੰਗੀ ਹੈ। ਪੁਲੀਸ ਨੇ ਬ੍ਰਿਜ ਭੂਸ਼ਣ ਖ਼ਿਲਾਫ਼ 15 ਜੂਨ ਨੂੰ ਆਈਪੀਸੀ ਧਾਰਾ 354, 354ਏ, 354ਡੀ ਤੇ 506 ਤਹਿਤ ਐਫਆਈਆਰ ਦਰਜ ਕੀਤੀ ਸੀ। ਵਧੀਕ ਮੁੱਖ ਮੈਟਰੋਪੌਲੀਟਨ ਮੈਜਿਸਟਰੇਟ ਹਰਜੀਤ ਸਿੰਘ ਜਸਪਾਲ ਨੇ ਸ਼ਿਕਾਇਤਕਰਤਾਵਾਂ ਦੇ ਵਕੀਲ ਨੂੰ ਅਦਾਲਤ ਤੋਂ ਐਫਆਈਆਰ ਦੀ ਕਾਪੀ ਲੈਣ ਲਈ ਅਰਜ਼ੀ ਦੇਣ ਲਈ ਕਿਹਾ ਹੈ। ਉਨ੍ਹਾਂ ਹੀ ਚਾਰਜਸ਼ੀਟ ‘ਤੇ ਵਿਚਾਰ ਕਰਨਾ ਹੈ।
ਚਾਰਜਸ਼ੀਟ ਵਿਚ ਕੁਸ਼ਤੀ ਫੈਡਰੇਸ਼ਨ ਦੇ ਮੁਅੱਤਲ ਸਹਾਇਕ ਸਕੱਤਰ ਵਿਨੋਦ ਤੋਮਰ ਦਾ ਵੀ ਨਾਂ ਹੈ। ਇਸ ਕੇਸ ਤੋਂ ਇਲਾਵਾ ਇਕ ਹੋਰ ਐਫਆਈਆਰ ‘ਪੋਕਸੋ’ ਐਕਟ ਤਹਿਤ ਵੀ ਦਰਜ ਕੀਤੀ ਗਈ ਸੀ। ਹਾਲਾਂਕਿ ਨਾਬਾਲਗ ਦੇ ਕੇਸ ਵਿਚ ਦਿੱਲੀ ਪੁਲੀਸ ਨੇ 15 ਜੂਨ ਨੂੰ ਐਫਆਈਆਰ ਰੱਦ ਕਰਨ ਦੀ ਅਰਜ਼ੀ ਦਿੱਤੀ ਸੀ। ਨਾਬਾਲਗ ਮਹਿਲਾ ਪਹਿਲਵਾਨ ਦੇ ਪਿਤਾ ਨੇ ਮੰਨਿਆ ਸੀ ਕਿ ਉਨ੍ਹਾਂ ਤੇ ਉਨ੍ਹਾਂ ਦੀ ਧੀ ਨੇ ‘ਝੂਠਾ ਪੁਲੀਸ ਕੇਸ’ ਦਾਇਰ ਕੀਤਾ ਸੀ। -ਏਐੱਨਆਈ/ਪੀਟੀਆਈ
ਕੇਸ ਹੁਣ ਅਦਾਲਤ ‘ਚ, ਅਦਾਲਤ ਕਰੇਗੀ ਆਪਣਾ ਕੰਮ: ਬ੍ਰਿਜ ਭੂਸ਼ਣ
ਨਵੀਂ ਦਿੱਲੀ: ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਮੁਖੀ ਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਅੱਜ ਕਿਹਾ ਕਿ ਉਨ੍ਹਾਂ ਖ਼ਿਲਾਫ਼ ਦਰਜ ਕੇਸ ਹੁਣ ਅਦਾਲਤ ਵਿਚ ਹੈ ਤੇ ਅਦਾਲਤ ਆਪਣਾ ਕੰਮ ਕਰੇਗੀ। ਉਨ੍ਹਾਂ ਇਸ ਮਾਮਲੇ ‘ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕੀਤਾ। ਪੁਲੀਸ ਹੁਣ ਤੱਕ ਬ੍ਰਿਜ ਭੂਸ਼ਣ ਤੋਂ ਦੋ ਵਾਰ ਪੁੱਛ-ਗਿੱਛ ਕਰ ਚੁੱਕੀ ਹੈ ਤੇ ਉਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਬਜਰੰਗ ਪੂਨੀਆ, ਸਾਕਸ਼ੀ ਮਲਿਕ, ਵਿਨੇਸ਼ ਫੋਗਾਟ ਜਿਹੇ ਪਹਿਲਵਾਨ ਬ੍ਰਿਜ ਭੂਸ਼ਣ ਵਿਰੁੱਧ ਵਿੱਢੇ ਸੰਘਰਸ਼ ਦੀ ਅਗਵਾਈ ਕਰ ਰਹੇ ਸਨ। ਜੰਤਰ ਮੰਤਰ ਤੋਂ 28 ਮਈ ਨੂੰ ਪਹਿਲਵਾਨਾਂ ਨੂੰ ਹਟਾਏ ਜਾਣ ਤੋਂ ਬਾਅਦ, ਕੇਂਦਰੀ ਖੇਡ ਮੰਤਰੀ ਦੇ ਭਰੋਸੇ ਮਗਰੋਂ ਉਨ੍ਹਾਂ ਆਪਣਾ ਰੋਸ ਮੁਜ਼ਾਹਰਾ 15 ਜੂਨ ਤੱਕ ਮੁਲਤਵੀ ਕਰ ਦਿੱਤਾ ਸੀ। ਠਾਕੁਰ ਨੇ ਪਹਿਲਵਾਨਾਂ ਨਾਲ ਚਾਰਜਸ਼ੀਟ ਦਾ ਵਾਅਦਾ ਕੀਤਾ ਸੀ। -ਏਐੱਨਆਈ