ਨਵੀਂ ਦਿੱਲੀ, 6 ਜਨਵਰੀ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅੱਜ ਪੰਜਾਬ, ਹਰਿਆਣਾ ਤੇ ਰਾਜਸਥਾਨ ’ਚ ਕਾਰਵਾਈ ਕਰਦਿਆਂ ਲਾਰੈਂਸ ਬਿਸ਼ਨੋਈ ਗਰੋਹ ਦੇ ਮੈਂਬਰਾਂ ਦੀਆਂ ਚਾਰ ਜਾਇਦਾਦਾਂ ਕੁਰਕ ਕੀਤੀਆਂ ਹਨ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ।
ਐੱਨਆਈਏ ਦੇ ਬੁਲਾਰੇ ਨੇ ਦੱਸਿਆ ਕਿ ਇਹ ਕਾਰਵਾਈ ਦੇਸ਼ ’ਚ ਅਤਿਵਾਦੀ-ਗੈਂਗਸਟਰ-ਨਸ਼ਾ ਤਸਕਰੀ ਗੱਠਜੋੜ ਨੂੰ ਖਤਮ ਕਰਨ ਦੀ ਦਿਸ਼ਾ ’ਚ ਵੱਡਾ ਕਦਮ ਹੈ। ਉਨ੍ਹਾਂ ਦੱਸਿਆ ਕਿ ਯੂਏਪੀਏ ਤਹਿਤ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ’ਚ ਇੱਕ ਸਾਂਝੀ ਕਾਰਵਾਈ ਤਹਿਤ ਤਿੰਨ ਅਚੱਲ ਤੇ ਇੱਕ ਚੱਲ ਜਾਇਦਾਦ ਕੁਰਕ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੁਰਕ ਕੀਤੀਆਂ ਗਈਆਂ ਦੋ ਜਾਇਦਾਦਾਂ ਪੰਜਾਬ ਦੇ ਫਾਜ਼ਿਲਕਾ ਦੇ ਪਿੰਡ ਬਿਸ਼ਨਪੁਰਾ ਵਿੱਚ ਸਥਿਤ ਹਨ ਤੇ ਇਨ੍ਹਾਂ ਦੀ ਮਾਲਕੀ ਮੁਲਜ਼ਮ ਦਲੀਪ ਕੁਮਾਰ ਉਰਫ ਭੋਲਾ ਦੇ ਨਾਂ ਹੈ। ਏਜੰਸੀ ਨੇ ਲਖਨਊ ਦੇ ਗੋਮਤੀ ਨਗਰ ਐਕਸਟੈਨਸ਼ਨ ਵਿਚਲਾ ਫਲੈਟ ਕੁਰਕ ਕੀਤਾ ਹੈ ਜੋ ਉੱਤਰ ਪ੍ਰਦੇਸ਼ ਦੇ ਸਰਗਰਮ ਗਰੋਹ ਦੇ ਮੈਂਬਰ ਵਿਕਾਸ ਸਿੰਘ ਦਾ ਹੈ। ਇਸੇ ਦੌਰਾਨ ਹਰਿਆਣਾ ਦੇ ਯਮੁਨਾਨਗਰ ਦੇ ਵਸਨੀਕ ਜੋਗਿੰਦਰ ਸਿੰਘ ਦੇ ਨਾਂ ’ਤੇ ਰਜਿਸਟਰਡ ਇੱਕ ਐੱਸਯੂਵੀ (ਸਪੋਰਟਸ ਯੂਟੀਲਿਟੀ ਵਹੀਕਲ) ਜ਼ਬਤ ਕੀਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਐੱਨਆਈਏ ਅਨੁਸਾਰ ਇਹ ਸਾਰੀਆਂ ਜਾਇਦਾਦਾਂ ਅਤਿਵਾਦ ਰਾਹੀਂ ਪ੍ਰਾਪਤ ਪੈਸੇ ਨਾਲ ਹਾਸਲ ਕੀਤੀਆਂ ਗਈਆਂ ਸਨ ਅਤੇ ਇਨ੍ਹਾਂ ਦੀ ਵਰਤੋਂ ਅਤਿਵਾਦੀ ਸਾਜ਼ਿਸ਼ਾਂ ਰਚਣ ਤੇ ਗੰਭੀਰ ਅਪਰਾਧਾਂ ਨੂੰ ਅੰਜਾਮ ਦੇਣ ਲਈ ਕੀਤੀ ਜਾਂਦੀ ਸੀ। ਜਾਂਚ ਦੇ ਨਤੀਜਿਆਂ ਦਾ ਹਵਾਲਾ ਦਿੰਦਿਆਂ ਅਧਿਕਾਰੀ ਨੇ ਕਿਹਾ ਕਿ ਵਿਕਾਸ ਸਿੰਘ ਲਾਰੈਂਸ ਬਿਸ਼ਨੋਈ ਦਾ ਸਹਿਯੋਗੀ ਹੈ ਜਿਸ ਨੇ ਦਸੰਬਰ 2022 ’ਚ ਪੰਜਾਬ ਪੁਲੀਸ ਦੇ ਹੈੱਡਕੁਆਰਟਰ ’ਤੇ ਗਰੇਨੇਡ ਹਮਲੇ ’ਚ ਸ਼ਾਮਲ ਲੋਕਾਂ ਸਮੇਤ ਹੋਰ ਅਤਿਵਾਦੀਆਂ ਨੂੰ ਪਨਾਹ ਦਿੱਤੀ ਸੀ। ਲਾਰੈਂਸ ਬਿਸ਼ਨੋਈ ਦੇ ਨੇੜਲੇ ਸਹਿਯੋਗੀ ਗੈਂਗਸਟਰ ਕਾਲਾ ਰਾਣਾ ਦੇ ਪਿਤਾ ਜੋਗਿੰਦਰ ਸਿੰਘ ਨੇ ਅਤਿਵਾਦੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਹਥਿਆਰ ਤੇ ਅਸਲੇ ਦੀ ਸਪਲਾਈ ਲਈ ਆਪਣੀ ਐੱਸਯੂਵੀ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਦਲੀਪ ਕੁਮਾਰ ਦੀਆਂ ਜਾਇਦਾਦਾਂ ਦੀ ਵਰਤੋਂ ਅਤਿਵਾਦੀਆਂ ਨੂੰ ਪਨਾਹ ਦੇਣ ਅਤੇ ਹਥਿਆਰ ਸੰਭਾਲਣ ਦੀ ਥਾਂ ਵਜੋਂ ਕੀਤੀ ਜਾ ਰਹੀ ਸੀ। ਜ਼ਿਕਰਯੋਗ ਹੈ ਕਿ ਐੱਨਆਈਏ ਅਗਸਤ 2022 ’ਚ ਲਾਰੈਂਸ ਬਿਸ਼ਨੋਈ ਤੇ ਉਸ ਦੇ ਸਹਿਯੋਗੀਆਂ ਖ਼ਿਲਾਫ਼ ਯੂਏਪੀਏ ਤਹਿਤ ਕੇਸ ਦਰਜ ਕੀਤਾ ਸੀ। -ਪੀਟੀਆਈ