ਕੋਲਕਾਤਾ/ਰਾਂਚੀ, 4 ਨਵੰਬਰ
ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਥਿਤ ਫ਼ਰਜ਼ੀ ਦਸਤਾਵੇਜ਼ਾਂ ਜ਼ਰੀਏ ਰੱਖਿਆ ਵਿਭਾਗ ਦੀ ਜ਼ਮੀਨ ਵੇਚਣ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿੱਚ ਅੱਜ ਪੱਛਮੀ ਬੰਗਾਲ ਤੇ ਝਾਰਖੰਡ ਵਿੱਚ ਦਰਜਨ ਦੇ ਕਰੀਬ ਟਿਕਾਣਿਆਂ ‘ਤੇ ਛਾਪੇ ਮਾਰੇ। ਸੰਘੀ ਏਜੰਸੀ ਨੇ ਰਾਂਚੀ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਅੱਠ ਟਿਕਾਣਿਆਂ, ਅਤੇ ਕੋਲਕਾਤਾ ਵਿੱਚ ਗ੍ਰਿਫ਼ਤਾਰ ਕੀਤੇ ਕਾਰੋਬਾਰੀ ਅਮਿਤ ਅਗਰਵਾਲ ਦੇ ਟਿਕਾਣਿਆਂ ਸਣੇ ਕਈ ਥਾਵਾਂ ਦੀ ਤਲਾਸ਼ੀ ਲਈ। ਈਡੀ ਦੀਆਂ ਟੀਮਾਂ ਵੱਲੋਂ ਛਾਪਾਮਾਰੀ ਦੌਰਾਨ ਕਈ ਰੀਅਲ ਅਸਟੇਟ ਡੀਲਰਾਂ, ਨਿੱਜੀ ਵਿਅਕਤੀਆਂ ਤੇ ਇਨ੍ਹਾਂ ਨਾਲ ਜੁੜੀਆਂ ਸੰਸਥਾਵਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਈਡੀ ਅਧਿਕਾਰੀ ਨੇ ਕਿਹਾ ਕਿ ਅਗਰਵਾਲ ਅਧੀਨ ਕੰਮ ਕਰਦੇ ਕਈ ਮੁਲਾਜ਼ਮਾਂ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ। ਅਧਿਕਾਰੀ ਨੇ ਕਿਹਾ, ”ਕੋਲਕਾਤਾ ਦੇ ਦੱਖਣੀ ਹਿੱਸੇ ਵਿੱਚ ਨੋਨਾਪੁਕੁਰ ਵਿਚਲੇ ਅਗਰਵਾਲ ਦੇ ਦਫ਼ਤਰ ਵਿੱਚ ਕਾਰੋਬਾਰੀ ਦੇ ਦੋ ਨੇੜਲੇ ਸਹਾਇਕਾਂ ਤੋਂ ਇਕ ਘੰਟੇ ਦੇ ਕਰੀਬ ਪੁੱਛ-ਪੜਤਾਲ ਕੀਤੀ ਗਈ।” ਅਧਿਕਾਰੀਆਂ ਨੇ ਕਿਹਾ ਕਿ ਅਗਰਵਾਲ ਨੇੜਲੇ ਕੁਝ ਹੋਰਨਾਂ ਕਾਰੋਬਾਰੀਆਂ ਦੇ ਸਾਲਟ ਲੇਕ ਖੇਤਰ ਵਿਚਲੇ ਦਫ਼ਤਰ ਦੀ ਵੀ ਤਲਾਸ਼ੀ ਲਈ ਗਈ। ਅਧਿਕਾਰੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ”ਅਸੀਂ ਅੱਜ ਸਵੇਰੇ 6:40 ਵਜੇ ਛਾਪੇ ਮਾਰੇ। ਕਈ ਥਾਵਾਂ ‘ਤੇ ਤਲਾਸ਼ੀ ਅਜੇ ਵੀ ਜਾਰੀ ਹੈ। ਸਾਡੇ ਤਫ਼ਤੀਸ਼ਕਾਰਾਂ ਵੱਲੋਂ ਅਗਰਵਾਲ ਦੇ ਦਫ਼ਤਰ ‘ਚ ਉਸ ਦੇ ਮੁਲਾਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਗਈ। ਸਾਡੇ ਅਧਿਕਾਰੀ ਅਗਰਵਾਲ ਦੇ ਅਪਾਰਟਮੈਂਟ ਤੇ ਉਸ ਦੀ ਮਹਿੰਗੀ ਗੱਡੀ ਨਾਲ ਜੁੜੇ ਸਬੂਤਾਂ ਦੀ ਭਾਲ ਕਰ ਰਹੇ ਹਨ।” ਇਹ ਜਾਂਚ ਰੱਖਿਆ ਵਿਭਾਗ ਦੀ ਜ਼ਮੀਨ ਖਰੀਦਣ ਲਈ ਫ਼ਰਜ਼ੀ ਦਸਤਾਵੇਜ਼ਾਂ ਦੀ ਕਥਿਤ ਵਰਤੋਂ ਕੀਤੇ ਜਾਣ ਨਾਲ ਸਬੰਧਤ ਹੈ। ਈਡੀ ਨੇ ਅਗਰਵਾਲ ਨੂੰ ਪਿਛਲੇ ਮਹੀਨੇ ਗ੍ਰਿਫ਼ਤਾਰ ਕੀਤਾ ਸੀ। ਅਗਰਵਾਲ ‘ਤੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਖਿਲਾਫ਼ ਦਰਜ ਦੋ ਜਨਹਿੱਤ ਪਟੀਸ਼ਨਾਂ ਕੇਸ ਵਿੱਚ ਪਟੀਸ਼ਨਰ ਵੱਲੋਂ ਪੇਸ਼ ਵਕੀਲ ਰਾਜੀਵ ਕੁਮਾਰ ਨੂੰ ‘ਫ਼ਸਾਉਣ’ ਦੀ ਕਥਿਤ ਸਾਜ਼ਿਸ਼ ਘੜਨ ਦੇ ਦੋਸ਼ ਲਾਏ ਗਏ ਹਨ। ਇਹ ਕੇਸ ਈਡੀ ਵੱਲੋਂ ਦਰਜ ਕਥਿਤ ਗੈਰਕਾਨੂੰਨੀ ਖਣਨ ਕੇਸ ਨਾਲ ਵੀ ਸਬੰਧਤ ਹੈ, ਜਿਸ ਵਿੱਚ ਮੁੱਖ ਮੰਤਰੀ ਸੋਰੇਨ ਨੂੰ ਹਾਲ ਹੀ ਵਿੱਚ ਪੁੱਛ-ਪੜਤਾਲ ਲਈ ਸੱਦਿਆ ਗਿਆ ਹੈ। -ਪੀਟੀਆਈ
‘ਛਾਪੇ ਸੋਰੇਨ ਸਰਕਾਰ ਦਾ ਤਖ਼ਤਾ ਪਲਟਣ ਦੀ ਕੋਸ਼ਿਸ਼’
ਝਾਰਖੰਡ ਦੀ ਯੂਪੀਏ ਸਰਕਾਰ ਨੇ ਈਡੀ ਦੇ ਛਾਪਿਆਂ ਨੂੰ ਹੇਮੰਤ ਸੋਰੇਨ ਸਰਕਾਰ ਦਾ ਤਖ਼ਤਾ ਪਲਟਣ ਦੀ ਕੋਸ਼ਿਸ਼ ਕਰਾਰ ਦਿੱਤਾ ਹੈ। ਸੱਤਾਧਾਰੀ ਝਾਰਖੰਡ ਮੁਕਤੀ ਮੋਰਚਾ ਦੇ ਤਰਜਮਾਨ ਸੁਪ੍ਰਿਓ ਭੱਟਾਚਾਰੀਆ ਨੇ ਕਿਹਾ, ”ਝਾਰਖੰਡ ‘ਚ ਈਡੀ ਦੇ ਛਾਪੇ ਨਿੱਤ ਦੀ ਗੱਲ ਬਣ ਗਏ ਹਨ। ਛਾਪਿਆਂ ਦਾ ਇਕੋ ਇਕ ਮਕਸਦ ਹੇਮੰਤ ਸੋਰੇਨ ਸਰਕਾਰ ਦਾ ਤਖ਼ਤਾ ਪਲਟਣਾ ਹੈ ਪਰ ਅਸੀਂ ਇਸ ਅਜ਼ਮਾਇਸ਼ ਵਿਚੋਂ ਸਫ਼ਲ ਹੋ ਕੇ ਨਿਕਲਾਂਗੇ।” ?
ਈਡੀ ਵੱਲੋਂ ਵੱਖਵਾਦੀ ਆਗੂ ਸ਼ਬੀਰ ਸ਼ਾਹ ਦਾ ਘਰ ਜ਼ਬਤ
ਨਵੀਂ ਦਿੱਲੀ: ਈਡੀ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ‘ਚ ਦਹਿਸ਼ਤੀ ਸਰਗਰਮੀਆਂ ਨੂੰ ਹਵਾ ਦੇਣ ਨਾਲ ਜੁੜੇ ਕੇਸ ‘ਚ ਮਨੀ ਲਾਂਡਰਿੰਗ ਦੀ ਜਾਂਚ ਵਜੋਂ ਜੰਮੂ-ਕਸ਼ਮੀਰ ਦੇ ਵੱਖਵਾਦੀ ਆਗੂ ਸ਼ਬੀਰ ਅਹਿਮਦ ਸ਼ਾਹ ਦਾ ਘਰ ਜ਼ਬਤ ਕਰ ਲਿਆ ਹੈ। ਇਹ ਘਰ, ਜਿਸ ਦੀ ਕੀਮਤ 21.80 ਲੱਖ ਰੁਪਏ ਹੈ, ਸ੍ਰੀਨਗਰ ਦੇ ਬਰਜ਼ੁੱਲਾ ਪੁਲੀਸ ਸਟੇਸ਼ਨ ਅਧੀਨ ਆਉਂਦੇ ਸਨਤ ਨਗਰ ਵਿਚਲੀ ਬੋਤਸ਼ਾਹ ਕਲੋਨੀ ਵਿੱਚ ਹੈ। ਸ਼ਾਹ ਖਿਲਾਫ਼ ਦਰਜ ਮਨੀ ਲਾਂਡਰਿੰਗ ਕੇਸ, ਐੱਨਆਈਏ ਵੱਲੋਂ ਮਈ 2017 ਵਿੱਚ ਲਸ਼ਕਰ-ਏ-ਤਇਬਾ ਮੁਖੀ ਹਾਫਿਜ਼ ਸਈਦ ਤੇ ਹੋਰਨਾਂ ਖਿਲਾਫ਼ ਯੂਏਪੀਏ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਦਰਜ ਕੇਸ ਨਾਲ ਸਬੰਧਤ ਹੈ। -ਪੀਟੀਆਈ