ਨਵੀਂ ਦਿੱਲੀ, 26 ਜੂਨ
ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਕੇਂਦਰ ਦੀਆਂ ਪ੍ਰਾਪਤੀਆਂ ਗਿਣਾਉਣ ‘ਤੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ‘ਤੇ ਨਿਸ਼ਾਨਾ ਸੇਧਿਆ ਹੈ। ਉਨ੍ਹਾਂ ਕਿਹਾ ਕਿ ਜੇ ਮੋਦੀ ਸਰਕਾਰ ਅੱਜ ਕੁਝ ਖੇਤਰਾਂ ਵਿੱਚ ਮਜ਼ਬੂਤ ਹੈ ਤਾਂ ਇਹ ਸਾਬਕਾ ਯੂਪੀਏ ਸਰਕਾਰ ਦੀ ਬਦੌਲਤ ਹੀ ਹੈ। ਚਿਦੰਬਰਮ ਨੇ ਮੋਦੀ ਸਰਕਾਰ ਦੀਆਂ ਪਿਛਲੇ ਨੌਂ ਸਾਲਾਂ ਦੀਆਂ ਪ੍ਰਾਪਤੀਆਂ ਬਾਰੇ ਲਿਖੇ ਲੇਖ ਸਬੰਧੀ ਸੀਤਾਰਾਮਨ ‘ਤੇ ਪਲਟਵਾਰ ਕੀਤਾ। ਸਾਬਕਾ ਵਿੱਤ ਮੰਤਰੀ ਨੇ ਟਵਿੱਟਰ ‘ਤੇ ਕਿਹਾ,’ਮਾਣਯੋਗ ਵਿੱਤ ਮੰਤਰੀ ਨੇ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਲੇਖ ਲਿਖਿਆ ਹੈ। ਉਨ੍ਹਾਂ ਵੱਲੋਂ ਦਿੱਤੀਆਂ ਗਈਆਂ ਕਈ ਮਿਸਾਲਾਂ ਸੱਚ ਹਨ। ਇਹ ਮਿਸਾਲਾਂ ਸਾਰੀਆਂ ਹੀ ਸਰਕਾਰਾਂ ਲਈ ਸੱਚ ਹੋਣਗੀਆਂ ਜਿਨ੍ਹਾਂ ਨੇ 5 ਜਾਂ 10 ਸਾਲਾਂ ਤੱਕ ਸੱਤਾ ਹੰਢਾਈ ਹੈ। ਚਿਦੰਬਰਮ ਨੇ ਕਿਹਾ ਕਿ ਵਿੱਤ ਮੰਤਰੀ ਨੇ ਵਿਰੋਧੀ ਧਿਰ ਦੀਆਂ ਪੰਜ ਮਿਸਾਲਾਂ ਦਾ ਹਵਾਲਾ ਦੇ ਕੇ ਸਰਕਾਰ ਨੂੰ ਕਟਹਿਰੇ ਵਿੱਚ ਲਿਆਂਦਾ ਹੈ। ਉਨ੍ਹਾਂ ਕਿਹਾ,’ਉਨ੍ਹਾਂ ਦੀਆਂ ਤਿੰਨ ਮਿਸਾਲਾਂ ਗ਼ਲਤ ਹਨ: ਸੰਸਦ ਵੱਲੋਂ ਕਾਨੂੰਨ ਪਾਸ ਕਰਨ ਤੋਂ ਪਹਿਲਾਂ ਹੀ ਸੁਪਰੀਮ ਕੋਰਟ ਨੇ ਤੀਹਰੇ ਤਲਾਕ ਨੂੰ ਗ਼ੈਰਕਾਨੂੰਨੀ ਕਰਾਰ ਦੇ ਦਿੱਤਾ ਸੀ। ਧਾਰਾ 370 ਸਬੰਧੀ ਕੇਸ ਦੀ ਅਦਾਲਤ ਵੱਲੋਂ ਅਜੇ ਤੱਕ ਸੁਣਵਾਈ ਹੀ ਨਹੀਂ ਕੀਤੀ ਗਈ। ਜੀਐਸਟੀ ਕਾਨੂੰਨਾਂ ਅਧੀਨ ਕਈ ਮਾਮਲੇ ਪੈਂਡਿੰਗ ਪਏ ਹਨ।’ -ਪੀਟੀਆਈ