ਨਵੀਂ ਦਿੱਲੀ, 25 ਜੂਨ
ਸੀਨੀਅਰ ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਹਿੰਸਾ ਪ੍ਰਭਾਵਿਤ ਮਨੀਪੁਰ ਦੀ ਸਥਿਤੀ ਨੂੰ ਲੈ ਕੇ ਕੇਂਦਰ ‘ਤੇ ਨਿਸ਼ਾਨਾ ਸੇਧਿਆ ਹੈ। ਉਨ੍ਹਾਂ ਅੱਜ ਦੋਸ਼ ਲਾਇਆ ਕਿ ਜਦੋਂ ਉੱਤਰ-ਪੂਰਬੀ ਰਾਜ ਸੜ ਰਿਹਾ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੁੱਪ ਹਨ, ਗ੍ਰਹਿ ਮੰਤਰੀ ਅਮਿਤ ਸ਼ਾਹ ਬੇਅਸਰ ਹਨ ਅਤੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਗੈਰ-ਕਾਰਜਸ਼ੀਲ ਹਨ ਜੋ ਸਥਿਤੀ ਨੂੰ ਸਹੀ ਢੰਗ ਨਾਲ ਨਹੀਂ ਨਜਿੱਠ ਰਹੇ। ਉਨ੍ਹਾਂ ਇਹ ਟਿੱਪਣੀ ਹਰਕਿਸ਼ਨ ਸਿੰਘ ਸੁਰਜੀਤ ਭਵਨ ਵਿੱਚ ਮਨੀਪੁਰ ਵਿੱਚ ਸ਼ਾਂਤੀ ਬਾਰੇ ਕਰਵਾਏ ਕੌਮੀ ਸਮਾਗਮ ਮੌਕੇ ਕੀਤੀ। ਬਾਅਦ ਵਿੱਚ ਇੱਕ ਟਵੀਟ ਵਿੱਚ ਰਮੇਸ਼ ਨੇ ਕਿਹਾ ਕਿ ਉਨ੍ਹਾਂ ਮਨੀਪੁਰ ਰਾਜ ਵਿੱਚ ਰਾਜਨੀਤਕ, ਪ੍ਰਸ਼ਾਸਕੀ ਅਤੇ ਮਾਨਵਤਾਵਾਦੀ ਆਫ਼ਤਾਂ ‘ਤੇ ਆਪਣੇ ਵਿਚਾਰ ਸਾਂਝੇ ਕਰਨ ਲਈ 10 ਹਮਖਿਆਲ ਵਿਚਾਰਧਾਰਾ ਵਾਲੀਆਂ ਰਾਜਨੀਤਕ ਪਾਰਟੀਆਂ ਵਲੋਂ ਕਰਵਾਏ ਸਮਾਗਮ ਵਿੱਚ ਹਿੱਸਾ ਲਿਆ। ਉਨ੍ਹਾਂ ਕਿਹਾ,’ਤੁਹਾਡੇ ਵਿੱਚ ਸਰਬਸੰਮਤੀ ਨਹੀਂ ਹੋ ਸਕਦੀ ਪਰ ਤੁਹਾਡੇ ਵਿੱਚ ਸਹਿਮਤੀ ਹੋ ਸਕਦੀ ਹੈ। ਇਸ ਤਰ੍ਹਾਂ ਭਾਰਤ ਦਾ ਸੰਵਿਧਾਨ ਬਣਾਇਆ ਗਿਆ ਸੀ… ਇਸ ਲਈ ਸਹਿਮਤੀ ਰਾਹੀਂ, ਸਾਰਿਆਂ ਨੂੰ ਸੁਣਨ ਅਤੇ ਸੰਵੇਦਨਸ਼ੀਲ ਹੋਣ ਜ਼ਰੀਏ ਤੁਸੀਂ ਸੱਚਮੁੱਚ (ਮਨੀਪੁਰ ਵਿੱਚ) ਵਿਸ਼ਵਾਸ ਬਹਾਲ ਕਰ ਸਕਦੇ ਹੋ। ਇਹ ਇੱਕ ਲੰਬੀ ਪ੍ਰਕਿਰਿਆ ਹੈ। ਇਹ ਹਫ਼ਤਿਆਂ ਵਿੱਚ ਹੱਲ ਹੋਣ ਵਾਲਾ ਮਸਲਾ ਨਹੀਂ ਹੈ, ਇਸ ਵਿੱਚ ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ, ਇਸ ਵਿੱਚ ਸਾਲ ਵੀ ਲੱਗ ਸਕਦੇ ਹਨ ਪਰ ਸਾਨੂੰ ਇਹ ਪ੍ਰਕਿਰਿਆ ਸ਼ੁਰੂ ਕਰਨੀ ਪਵੇਗੀ।’ ਰਮੇਸ਼ ਨੇ ਕਿਹਾ ਕਿ ਅੱਗੇ ਵਧਣ ਲਈ ਸੂਬੇ ਦੇ ਮੁੱਖ ਮੰਤਰੀ ਨੂੰ ਤੁਰੰਤ ਬਦਲਿਆ ਜਾਣਾ ਚਾਹੀਦਾ ਹੈ।
ਉਨ੍ਹਾਂ ਦੋ ਬੁਨਿਆਦੀ ਕਦਮ ਚੁੱਕਣ ਦੀ ਜ਼ਰੂਰਤ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਬਿਨਾਂ ਕਿਸੇ ਭੇਦ-ਭਾਵ ਦੇ ਸਾਰੇ ਹਥਿਆਰਬੰਦ ਸਮੂਹਾਂ ਨੂੰ ਹਥਿਆਰ ਰਹਿਤ ਕੀਤਾ ਜਾਵੇ ਅਤੇ ਭਰੋਸੇ, ਸਦਭਾਵਨਾ ਅਤੇ ਮੇਲ-ਮਿਲਾਪ ਦਾ ਮਾਹੌਲ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮਨੀਪੁਰ ਦੇ ਸਾਬਕਾ ਮੁੱਖ ਮੰਤਰੀ ਓਕਰਾਮ ਇਬੌਬੀ ਸਿੰਘ ਨੂੰ ਸੂਬੇ ਵਿਚ ਸ਼ਾਂਤੀ ਬਹਾਲ ਕਰਨ ਲਈ ਇਕ ਦਹਾਕਾ ਲੱਗਿਆ ਤਾਂ ਜਾ ਕੇ ਵਿਕਾਸ ਪ੍ਰਕਿਰਿਆ ਸ਼ੁਰੂ ਕੀਤੀ ਗਈ। ਦੱਸਣਾ ਬਣਦਾ ਹੈ ਕਿ ਰਮੇਸ਼ ਦੀ ਟਿੱਪਣੀ ਇਕ ਦਿਨ ਬਾਅਦ ਉਦੋਂ ਆਈ ਹੈ ਜਦੋਂ ਕਾਂਗਰਸ ਨੇ ਕਿਹਾ ਸੀ ਕਿ ਹਿੰਸਾ ਪ੍ਰਭਾਵਿਤ ਮਨੀਪੁਰ ਵਿਚ ਮੁੱਖ ਮੰਤਰੀ ਐਨ ਬੀਰੇਨ ਸਿੰਘ ਦੀ ਅਗਵਾਈ ਵਿਚ ਸ਼ਾਂਤੀ ਸੰਭਵ ਨਹੀਂ ਹੈ।
‘ਪ੍ਰਧਾਨ ਮੰਤਰੀ ਨੇ ਅਜੇ ਤੱਕ ਮਨੀਪੁਰ ਬਾਰੇ ਇੱਕ ਸ਼ਬਦ ਨਹੀਂ ਬੋਲਿਆ’
ਨਵੀਂ ਦਿੱਲੀ: ਮਨੀਪੁਰ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਆਗੂ ਓਕਰਾਮ ਇਬੌਬੀ ਸਿੰਘ ਨੇ ਕਿਹਾ ਕਿ ਮਨੀਪੁਰ ਵਿਚ 50 ਦਿਨਾਂ ਤੋਂ ਹਿੰਸਾ ਜਾਰੀ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਬਾਰੇ ਇਕ ਸ਼ਬਦ ਵੀ ਨਹੀਂ ਕਿਹਾ। ਇਸ ਲਈ ਅਜਿਹਾ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਸੂਬੇ ਤੋਂ ਨਾਰਾਜ਼ ਹਨ। ਦਿੱਲੀ ‘ਚ ਮਨੀਪੁਰ ਵਿਚ ਸ਼ਾਂਤੀ ਬਾਰੇ ਕਰਵਾਏ ਸਮਾਗਮ ਮੌਕੇ ਓਕਰਾਮ ਇਬੌਬੀ ਨੇ ਕਿਹਾ, ‘ਦੋ ਮਹੀਨੇ ਹੋ ਗਏ ਹਨ ਪਰ ਅਜੇ ਤੱਕ ਇਸ ਦੇਸ਼ ਦੇ ਪ੍ਰਧਾਨ ਮੰਤਰੀ ਨੇ ਮਨੀਪੁਰ ਦਾ ਜ਼ਿਕਰ ਕਿਉਂ ਨਹੀਂ ਕੀਤਾ? ਉਨ੍ਹਾਂ ਇਸ ਬਾਰੇ ਇਕ ਟਵੀਟ ਵੀ ਨਹੀਂ ਕੀਤਾ। ਅਜਿਹਾ ਲੱਗਦਾ ਹੈ ਕਿ ਉਹ ਮਨੀਪੁਰ ਤੋਂ ਨਾਰਾਜ਼ ਹਨ। ਹਾਲਾਂਕਿ ਇਹ ਇਕ ਛੋਟਾ ਸੂਬਾ ਹੈ ਪਰ ਅਸੀਂ ਮਹਿਸੂਸ ਕਰਦੇ ਹਾਂ ਕਿ ਅਸੀਂ ਮਿਆਂਮਾਰ ਦੀ ਕੌਮਾਂਤਰੀ ਸਰਹੱਦ ਦੀ ਰੱਖਿਆ ਕਰ ਰਹੇ ਹਾਂ। ਜੇਕਰ ਪ੍ਰਧਾਨ ਮੰਤਰੀ ਨੂੰ ਲੱਗਦਾ ਹੈ ਕਿ ਮਨੀਪੁਰ ਇਸ ਦੇਸ਼ ਦਾ ਹਿੱਸਾ ਹੈ ਤਾਂ ਉਨ੍ਹਾਂ ਨੇ ਇੱਕ ਵੀ ਸ਼ਬਦ ਕਿਉਂ ਨਹੀਂ ਕਿਹਾ।’ -ਏਐੱਨਆਈ