ਤਿਰੂਵਨੰਤਪੁਰਮ, 6 ਜਨਵਰੀ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਹੁਣ ਆਲਮੀ ਚਰਚਾ ਦਾ ਕੇਂਦਰ ਬਣ ਗਿਆ ਹੈ ਅਤੇ ਸਾਰੇ ਲੋਕ ਪਿਛਲੇ ਦਹਾਕੇ ਦੌਰਾਨ ਦੇਸ਼ ’ਚ ਹੋਏ ਬਦਲਾਅ ਬਾਰੇ ਗੱਲ ਕਰ ਰਹੇ ਹਨ। ਇਥੇ ਵਿਕਸਤ ਸੰਕਲਪ ਭਾਰਤ ਯਾਤਰਾ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਵਿਦੇਸ਼ੀਆਂ ਨੂੰ ਦੱਸਿਆ ਕਿ ਦੇਸ਼ ’ਚ ਬਦਲਾਅ ਪਿਛਲਾ ਵੱਡਾ ਕਾਰਨ ਨਜ਼ਰੀਆ ਹੈ। ‘ਵਿਦੇਸ਼ ਮੰਤਰੀ ਵਜੋਂ ਮੈਂ ਦੁਨੀਆ ਭਰ ’ਚ ਘੁੰਮਦਾ ਹਾਂ। ਦੁਨੀਆ ਅੱਜ ਸਾਡੇ ਬਾਰੇ ਗੱਲ ਕਰ ਰਹੀ ਹੈ। ਉਹ ਪੁੱਛਦੇ ਹਨ ਕਿ ਤੁਸੀਂ ਇਹ ਕਿਵੇਂ ਕਰ ਲੈਂਦੇ ਹੋ। ਮੈਂ ਉਨ੍ਹਾਂ ਨੂੰ ਦੱਸਿਆ ਕਿ ਪਿਛਲੇ ਇਕ ਦਹਾਕੇ ਦੌਰਾਨ ਨਜ਼ਰੀਏ ’ਚ ਬਦਲਾਅ ਨਾਲ ਦੇਸ਼ ’ਚ ਤਰੱਕੀ ਸੰਭਵ ਹੋ ਸਕੀ ਹੈ।’ ਲੋਕਾਂ ਕੋਲ ਆਧਾਰ ਕਾਰਡ ਅਤੇ ਬੈਂਕ ਖ਼ਾਤੇ ਹੋਣ ਦਾ ਜ਼ਿਕਰ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਤਕਨਾਲੋਜੀ ਦੀ ਸਹੀ ਵਰਤੋਂ ਨਾਲ ਦੇਸ਼ ਨੇ ਵੱਖ ਵੱਖ ਖੇਤਰਾਂ ’ਚ ਕਈ ਮੱਲ੍ਹਾਂ ਮਾਰਨ ’ਚ ਕਾਮਯਾਬੀ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਨੇ ਦੇਸ਼ ਅਤੇ ਲੋਕਾਂ ਦੀ ਜ਼ਿੰਦਗੀ ਬਦਲਣ ਲਈ ਸ਼ਾਨਦਾਰ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਤਰੱਕੀ ਜਾਰੀ ਰਖਣੀ ਹੈ ਤਾਂ ਸਾਰਿਆਂ ਨੂੰ ਵਿਕਸਤ ਭਾਰਤ ਬਣਾਉਣਾ ਹੋਵੇਗਾ। ਜੈਸ਼ੰਕਰ ਨੇ ਕਿਹਾ ਕਿ ਸਿਹਤ, ਪਾਣੀ, ਬਿਜਲੀ, ਘਰ, ਸਿੱਖਿਆ ਅਤੇ ਹੋਰ ਸਮੱਸਿਆਵਾਂ ਨਾ ਸਿਰਫ਼ ਭਾਰਤ ’ਚ ਹਨ ਸਗੋਂ ਇਨ੍ਹਾਂ ਨਾਲ ਵਿਕਸਤ ਮੁਲਕ ਵੀ ਜੂਝ ਰਹੇ ਹਨ। ਇਸ ਮੌਕੇ ਕੇਂਦਰੀ ਮੰਤਰੀ ਵੀ ਮੁਰਲੀਧਰਨ ਵੀ ਹਾਜ਼ਰ ਸਨ। -ਪੀਟੀਆਈ