ਪੀ. ਪੀ. ਵਰਮਾ
ਪੰਚਕੂਲਾ, 25 ਜੂਨ
ਇਥੇ ਪੁਰਾਣਾ ਪੰਚਕੂਲਾ ਘੱਗਰ ਦੇ ਪੁੱਲ ਹੇਠਾਂ ਪੂਜਾ ਸਮੱਗਰੀ ਪਾਣੀ ਵਿੱਚ ਵਹਾਉਣ ਗਈ ਮਹਿਲਾ ਕਾਰ ਸਮੇਤ ਘੱਗਰ ਨਦੀ ਦੇ ਤੇਜ਼ ਵਹਾਅ ਵਿੱਚ ਫਸ ਗਈ। ਜਾਣਕਾਰੀ ਅਨੁਸਾਰ ਇਹ ਮਹਿਲਾ ਆਪਣੀ ਮਾਂ ਨਾਲ ਘੱਗਰ ਵਿੱਚ ਸਮੱਗਰੀ ਵਹਾਉਣ ਅਤੇ ਮੱਥਾ ਟੇਕਣ ਆਈ ਸੀ। ਅਚਾਨਕ ਹੀ ਘੱਗਰ ਨਦੀ ਚੜ੍ਹ ਗਈ ਅਤੇ ਪਾਣੀ ਕਾਰ ਉੱਪਰੋਂ ਦੀ ਲੰਘਣ ਲੱਗਾ। ਆਸ ਪਾਸ ਦੇ ਲੋਕਾਂ ਨੇ ਜਦੋਂ ਦੇਖਿਆ ਤਾਂ ਕਾਫ਼ੀ ਜੱਦੋ ਜਹਿਦ ਕਰਕੇ ਇਸ ਮਹਿਲਾ ਨੂੰ ਬਚਾ ਲਿਆ। ਮਹਿਲਾ ਦਾ ਨਾਂ ਸੰਗੀਤਾ ਦੱਸਿਆ ਗਿਆ ਹੈ ਅਤੇ ਇਹ ਸੈਕਟਰ-4 ਦੀ ਵਾਸੀ ਹੈ। ਲੋਕਾਂ ਨੇ ਕਾਰ ਨਾਲ ਰੱਸੇ ਬੰਨ੍ਹ ਕੇ ਮਹਿਲਾ ਨੂੰ ਬਚਾ ਲਿਆ। ਇਸ ਦੌਰਾਨ ਇੱਕ ਕਰੇਨ ਬੁਲਾਈ ਗਈ, ਜਿਸ ਦੀ ਮਦਦ ਨਾਲ ਕਾਰ ਨੂੰ ਪਾਣੀ ਵਿੱਚੋਂ ਕੱਢਿਆ ਗਿਆ। ਲੋਕਾਂ ਨੇ ਦੱਸਿਆ ਕਿ ਇਸ ਕਾਰ ਵਿੱਚ ਬੱਚੇ ਸਣੇ ਤਿੰਨ ਜਣੇ ਸਵਾਰ ਸਨ। ਚੇਤੇ ਰਹੇ ਕਿ ਪੰਚਕੂਲਾ ਵਿੱਚ ਘੱਗਰ ਨਦੀ ਦੇ ਆਸਪਾਸ ਧਾਰਾ-144 ਲੱਗੀ ਹੋਈ ਹੈ। ਇਸ ਦੌਰਾਨ ਪੰਚਕੂਲਾ ਦੇ ਸੈਕਟਰ-27 ਵਿੱਚ ਘੱਗਰ ਪਾਰ ਕਰਦੇ ਸੱਤ ਵਿਅਕਤੀ ਫਸ ਗਏ। ਇਹ ਸਾਰੇ ਪੰਚਕੂਲਾ ਤੋਂ ਪੰਜਾਬ ਦੇ ਇਲਾਕੇ ਪੀਰ ਮੁਛੱਲਾ ਵੱਲ ਜਾ ਰਹੇ ਸਨ ਜਦੋਂ ਕਿ ਰਸਤੇ ਵਿੱਚ ਪਾਣੀ ਚੜ੍ਹ ਆਇਆ ਅਤੇ ਇਹ ਸਾਰੇ ਪਾਣੀ ਵਿੱਚ ਫਸ ਗਏ। ਐੱਨਡੀਆਰਐੱਫ ਦੀ ਮਦਦ ਨਾਲ ਇਨ੍ਹਾਂ ਲੋਕਾਂ ਨੂੰ ਪਾਣੀ ‘ਚੋਂ ਕੱਢਿਆ ਗਿਆ।