ਨਵੀਂ ਦਿੱਲੀ: ਏਸ਼ਿਆਈ ਖੇਡਾਂ ਵਾਸਤੇ ਪਹਿਲਵਾਨਾਂ ਨੂੰ ਚੁਣਨ ਲਈ ਟਰਾਇਲ 20 ਜੁਲਾਈ ਨੂੰ ਹੋਣ ਦੀ ਸੰਭਾਵਨਾ ਹੈ। ਓਲੰਪਿਕ ਕਾਊਂਸਿਲ ਆਫ਼ ਏਸ਼ੀਆ (ਓਸੀਏ) ਵੱਲੋਂ ਅਣ-ਅਧਿਕਾਰਤ ਤੌਰ ’ਤੇ ਐਂਟਰੀਆਂ ਭੇਜਣ ਦੀ ਮਿਆਦ ਵਧਾਉਣ ਦਾ ਪ੍ਰਬੰਧਕਾਂ ਨੂੰ ਭਰੋਸਾ ਦਿਤਾ ਗਿਆ ਹੈ। ਓਸੀਏ ਨੇ ਏਸ਼ਿਆਈ ਖੇਡਾਂ ਲਈ ਨਾਮ ਭੇਜਣ ਦੀ ਤਰੀਕ 15 ਜੁਲਾਈ ਤੈਅ ਕੀਤੀ ਸੀ ਪਰ ਭਾਰਤੀ ਓਲੰਪਿਕ ਐਸੋਸੀਏਸ਼ਨ ਦੀ ਕੁਸ਼ਤੀ ਲਈ ਐਡਹਾਕ ਕਮੇਟੀ ਦੀਆਂ ਕੋਸ਼ਿਸ਼ਾਂ ਮਗਰੋਂ ਓਸੀਏ ਤਰੀਕ ਵਧਾਉਣ ਬਾਰੇ ਵਿਚਾਰ ਕਰ ਰਿਹਾ ਹੈ। ਐਡਹਾਕ ਕਮੇਟੀ ਦੇ ਮੈਂਬਰ ਗਿਆਨ ਸਿੰਘ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਓਸੀਏ ਵੱਲੋਂ ਐਂਟਰੀਆਂ ਭੇਜਣ ਦਾ ਸਮਾਂ ਵਧਾਉਣ ਬਾਰੇ ਅਜੇ ਕੋਈ ਮੇਲ ਨਹੀਂ ਮਿਲੀ ਹੈ ਪਰ ਅਣ-ਅਧਿਕਾਰਤ ਤੌਰ ’ਤੇ ਉਨ੍ਹਾਂ ਨਾਮ ਭੇਜਣ ਦੀਆਂ ਤਰੀਕਾਂ ’ਚ ਛੋਟ ਦੇਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਏਸ਼ੀਅਨ ਖੇਡਾਂ ਦੇ ਟਰਾਇਲਾਂ ਲਈ ਸੋਮਵਾਰ ਨੂੰ ਤਰੀਕ ਦਾ ਐਲਾਨ ਕਰ ਦੇਣਗੇ ਅਤੇ ਇਹ 20 ਜੁਲਾਈ ਦੇ ਕਰੀਬ ਹੋਣ ਦੀ ਸੰਭਾਵਨਾ ਹੈ। ਗਿਆਨ ਸਿੰਘ ਨੇ ਕਿਹਾ ਕਿ ਉਹ ਤਰੀਕ ਦਾ ਐਲਾਨ ਕਰਨ ਤੋਂ ਪਹਿਲਾਂ ਪਹਿਲਵਾਨਾਂ ਨੂੰ 10 ਦਿਨ ਦਾ ਸਮਾਂ ਜ਼ਰੂਰ ਦੇਣਗੇ। ਆਈਓਏ ਨੇ ਓਸੀਏ ਨੂੰ ਬੇਨਤੀ ਕੀਤੀ ਸੀ ਕਿ ਏਸ਼ਿਆਈ ਖੇਡਾਂ ਦੇ ਪ੍ਰਬੰਧਕਾਂ ਨੂੰ ਖਿਡਾਰੀਆਂ ਦੇ ਨਾਮ ਭੇਜਣ ਲਈ 10 ਅਗਸਤ ਤੱਕ ਦਾ ਸਮਾਂ ਦਿੱਤਾ ਜਾਵੇ। -ਪੀਟੀਆਈ