ਸ਼ਾਹਬਾਦ ਮਾਰਕੰਡਾ/ਪੰਚਕੂਲਾ (ਪੱਤਰ ਪ੍ਰੇਰਕ): ‘ਖੇਲੋ ਇੰਡੀਆ ਯੂਥ ਖੇਡਾਂ’ ਵਿੱਚ ਹਰਿਆਣਾ ਹੁਣ ਤੱਕ 25 ਸੋਨ ਤਗਮੇ ਜਿੱਤ ਕੇ ਪਹਿਲੇ ਸਥਾਨ ’ਤੇ ਹੈ। ਅੱਜ ਪੰਚਕੂਲਾ ਵਿੱਚ ਹੋਏ ਕੁਸ਼ਤੀ (53 ਕਿਲੋ) ਦੇ ਫਾਈਨਲ ਮੁਕਾਬਲੇ ਵਿੱਚ ਹਰਿਆਣਾ ਨੇ ਮਹਾਰਾਸ਼ਟਰ ਨੂੰ 11-0 ਦੇ ਫਰਕ ਨਾਲ ਹਰਾਇਆ। ਇਸੇ ਤਰ੍ਹਾਂ ਸ਼ਾਹਬਾਦ ਵਿੱਚ ਹੋਏ ਹਾਕੀ ਲੀਗ ਮੈਚ ਵਿੱਚ ਝਾਰਖੰਡ ਤੇ ਉੜੀਸਾ ਦੀਆਂ ਪੁਰਸ਼ ਟੀਮਾਂ ਨੇ ਜਿੱਤ ਦਰਜ ਕਰ ਕੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਹੈ। ਜ਼ਿਲ੍ਹਾ ਖੇਡ ਤੇ ਯੁਵਾ ਪ੍ਰੋਗਰਾਮ ਅਧਿਕਾਰੀ ਰਾਮ ਨਿਵਾਸ ਨੇ ਦੱਸਿਆ ਕਿ ਸ਼ਾਹਬਾਦ ਵਿੱਚ ਖੇਲੋ ਇੰਡੀਆ ਯੂਥ ਗੇਮਜ਼-2021 ਦੇ ਪੁਰਸ਼ ਹਾਕੀ ਦੇ ਮੈਚ ਖੇਡੇ ਜਾ ਰਹੇ ਹਨ। ਬੀਤੇ ਕੱਲ੍ਹ ਦੇਰ ਸ਼ਾਮ ਦੇ ਮੈਚਾਂ ਵਿੱਚ ਪਹਿਲਾ ਮੈਚ ਚੰਡੀਗੜ੍ਹ ਤੇ ਝਾਰਖੰਡ ਵਿਚਕਾਰ ਹੋਇਆ। ਝਾਰਖੰਡ ਨੇ ਚੰਡੀਗੜ੍ਹ ਦੀ ਟੀਮ ਨੂੰ 5-2 ਗੋਲਾਂ ਦੇ ਫ਼ਰਕ ਨਾਲ ਹਰਾਇਆ। ਇਸ ਤੋਂ ਇਲਾਵਾ ਆਖ਼ਰੀ ਮੈਚ ਉੜੀਸਾ ਤੇ ਮਨੀਪੁਰ ਦੀਆਂ ਟੀਮਾਂ ਵਿਚਕਾਰ ਹੋਇਆ। ਇਹ ਮੈਚ ਇੱਕ ਤਰਫ਼ਾ ਰਿਹਾ ਅਤੇ ਉੜੀਸਾ ਦੀ ਟੀਮ ਨੇ ਮਨੀਪੁਰ ਨੂੰ 8-0 ਦੇ ਵੱਡੇ ਫ਼ਰਕ ਨਾਲ ਹਰਾ ਦਿੱਤਾ।