ਨਵੀਂ ਦਿੱਲੀ, 4 ਜੁਲਾਈ
ਤਿਹਾੜ ਜੇਲ੍ਹ ਵਿੱਚ ਬੰਦ ਓਲੰਪਿਕ ਤਗ਼ਮਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਨੇ ਕੁਸ਼ਤੀ ਮੈਚਾਂ ਬਾਰੇ ਅਪਡੇਟ ਰਹਿਣ ਲਈ ਜੇਲ੍ਹ ਪ੍ਰਸ਼ਾਸਨ ਨੂੰ ਟੈਲੀਵਿਜ਼ਨ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ। ਸੁਸ਼ੀਲ ਕੁਮਾਰ ਬਾਹਰੀ ਦਿੱਲੀ ਦੇ ਮੁੰਡਕਾ ਖੇਤਰ ਵਿੱਚ ਛਤਰਸਾਲ ਸਟੇਡੀਅਮ ਦੇ ਬਾਹਰ ਦੋ ਧਿਰਾਂ ’ਚ ਹੋਏ ਟਕਰਾਅ ਦੌਰਾਨ ਪਹਿਲਵਾਨ ਸਾਗਰ ਧਨਕੜ ਦੀ ਹੋਈ ਮੌਤ ਮਾਮਲੇ ’ਚ ਮੁਲਜ਼ਮ ਵਜੋਂ ਨਾਮਜ਼ਦ ਹੋਣ ਕਰਕੇ ਨਿਆਂਇਕ ਰਿਮਾਂਡ ਤਹਿਤ ਤਿਹਾੜ ਜੇਲ੍ਹ ਵਿੱਚ ਬੰਦ ਹੈ। ਸੀਨੀਅਰ ਜੇਲ੍ਹ ਅਧਿਕਾਰੀ ਨੇ ਕਿਹਾ ਕਿ ਕੁਮਾਰ ਨੇ ਆਪਣੇ ਵਕੀਲ ਰਾਹੀਂ ਮੰਗ ਕੀਤੀ ਹੈ। ਦਿੱਲੀ ਦੀ ਕੋਰਟ ਨੇ ਪਿਛਲੇ ਦਿਨੀਂ ਕੁਮਾਰ ਦੀ ਨਿਆਂਇਕ ਹਿਰਾਸਤ 9 ਜੁਲਾਈ ਤੱਕ ਵਧਾ ਦਿੱਤੀ ਸੀ। ਕੁਮਾਰ ਨੂੰ ਪਹਿਲਾਂ ਮੰਡੋਲੀ ਜੇਲ੍ਹ ਵਿੱਚ ਰੱਖਿਆ ਗਿਆ ਸੀ, ਜਿੱਥੋਂ ਉਸ ਨੂੰ ਤਿਹਾੜ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ। ਪੁਲੀਸ ਦਾ ਦਾਅਵਾ ਹੈ ਕਿ ਕੁਮਾਰ ਇਸ ਕਤਲ ਦਾ ‘ਮੁੱਖ ਮੁਲਜ਼ਮ ਤੇ ਸਾਜ਼ਿਸ਼ਘਾੜਾ’ ਹੈ। -ਪੀਟੀਆਈ