ਬਰਮਿੰਘਮ, 1 ਅਗਸਤ
ਭਾਰਤੀ ਮਹਿਲਾ ਹਾਕੀ ਟੀਮ ਭਲਕੇ ਨੂੰ ਇੱਥੇ ਜਦੋਂ ਇੰਗਲੈਂਡ ਨਾਲ ਭਿੜੇਗੀ ਤਾਂ ਉਸ ਦੀਆਂ ਨਜ਼ਰਾਂ ਬਦਲਾ ਪੂਰਾ ਕਰਨ ’ਤੇ ਟਿਕੀਆਂ ਹੋਣਗੀਆਂ ਜਦਕਿ ਰਾਸ਼ਟਰਮੰਡਲ ਖੇਡਾਂ ’ਚ ਇਹ ਟੀਮ ਦੀ ਪਹਿਲੀ ਵੱਡੀ ਅਜ਼ਮਾਇਸ਼ ਹੋਵੇਗੀ।
ਭਾਰਤੀ ਟੀਮ ਨੇ ਪੂਲ ‘ਏ’ ਦੇ ਆਪਣੇ ਸ਼ੁਰੂਆਤੀ ਦੋ ਮੈਚਾਂ ’ਚ ਘਾਨਾ ’ਤੇ 5-0 ਤੇ ਵੇਲਸ ’ਤੇ 3-1 ਨਾਲ ਜਿੱਤ ਦਰਜ ਕੀਤੀ ਹੈ ਪਰ ਸਵਿਤਾ ਪੂਨੀਆ ਦੀ ਅਗਵਾਈ ਵਾਲੀ ਟੀਮ ਦਬਦਬੇ ਵਾਲਾ ਪ੍ਰਦਰਸ਼ਨ ਕਰਨ ’ਚ ਨਾਕਾਮ ਰਹੀ ਹੈ। ਭਲਕੇ ਭਾਰਤੀ ਟੀਮ ਵਧੇਰੇ ਪ੍ਰੇਰਨਾ ਨਾਲ ਮੈਦਾਨ ’ਚ ਉੱਤਰੇਗੀ ਕਿਉਂਕਿ ਇਹ ਉਹੀ ਇੰਗਲੈਂਡ ਟੀਮ ਹੈ ਜਿਸ ਨੇ ਟੋਕੀਓ ਓਲੰਪਿਕ ’ਚ ਕਾਂਸੀ ਤਗ਼ਮੇ ਦੇ ਪਲੇਅ ਆਫ ’ਚ ਉਸ ਨੂੰ ਹਰਾ ਕੇ ਤਗ਼ਮੇ ਤੋਂ ਵਾਂਝਾ ਕਰ ਦਿੱਤਾ ਸੀ। ਭਾਰਤੀ ਟੀਮ ਆਪਣਾ ਪਹਿਲਾ ਓਲੰਪਿਕ ਤਗ਼ਮਾ ਜਿੱਤਣ ਦੇ ਕਰੀਬ ਪਹੁੰਚ ਗਈ ਸੀ ਪਰ ਕਾਂਸੀ ਤਗ਼ਮੇ ਦੇ ਪਲੇਅ ਆਫ ’ਚ ਇੰਗਲੈਂਡ ’ਚ 3-4 ਨਾਲ ਹਾਰ ਗਈ। ਇੰਗਲੈਂਡ ਨੇ ਹੀ 2018 ’ਚ ਗੋਲਡ ਕੋਸਟ ’ਚ ਪਿਛਲੀਆਂ ਰਾਸ਼ਟਰਮੰਡਲ ਖੇਡਾਂ ’ਚ ਭਾਰਤ ਨੂੰ ਤਗ਼ਮੇ ਤੋਂ ਵਾਂਝਾ ਕੀਤਾ ਸੀ। ਭਾਰਤ ਉਸ ਸਮੇਂ ਕਾਂਸੀ ਤਗ਼ਮੇ ਲਈ ਮੈਚ 0-6 ਨਾਲ ਹਾਰ ਗਿਆ ਸੀ।
ਸੁਭਾਵਕ ਤੌਰ ’ਤੇ ਭਾਰਤੀ ਟੀਮ ਬਦਲਾ ਲੈਣ ਲਈ ਤਿਆਰ ਹੋਵੇਗੀ। ਭਾਰਤ ਲਈ ਮੁਕਾਬਲਾ ਸੌਖਾ ਨਹੀਂ ਹੋਵੇਗਾ ਕਿਉਂਕਿ ਉਸ ਦੀ ਨੌਵੀਂ ਰੈਂਕਿੰਗ ਮੁਕਾਬਲੇ ਇੰਗਲੈਂਡ ਦੀ ਵਿਸ਼ਵ ਰੈਂਕਿੰਗ ਪੰਜ ਹੈ। ਭਾਰਤ ਨੂੰ ਇਸ ਤੱਥ ਤੋਂ ਆਤਮ ਵਿਸ਼ਵਾਸ ਮਿਲੇਗਾ ਕਿ ਉਸ ਨੇ ਹਾਲ ਹੀ ’ਚ ਸਪੇਨ ਤੇ ਨੈਦਰਲੈਂਡਜ਼ ਵੱਲੋਂ ਸਾਂਝੇ ਤੌਰ ’ਤੇ ਕਰਵਾਏ ਗਏ ਵਿਸ਼ਵ ਕੱਪ ’ਚ ਇੰਗਲੈਂਡ ਨੂੰ 1-1 ਨਾਲ ਡਰਾਅ ’ਤੇ ਰੋਕ ਦਿੱਤਾ ਸੀ।
ਗੁਰਜੀਤ ਨੇ ਮੁਕਾਬਲੇ ’ਚ ਭਾਵੇਂ ਕੁਝ ਪੈਨਲਟੀ ਕਾਰਨਰ ’ਤੇ ਗੋਲ ਕੀਤੇ ਹਨ ਪਰ ਭਾਰਤ ਦੇ ਮੁੱਖ ਕੋਚ ਯਾਨੈਕ ਸ਼ਾਪਮੈਨ ਲਈ ਪੈਨਲਟੀ ਕਾਰਨਰ ਨੂੰ ਗੋਲ ’ਚ ਨਾ ਬਦਲ ਸਕਣਾ ਵੱਡੀ ਚਿੰਤਾ ਬਣੀ ਹੋਈ ਹੈ। ਭਾਰਤ ਜੇਕਰ ਇੰਗਲੈਂਡ ਨੂੰ ਪਛਾੜਨਾ ਚਾਹੁੰਦਾ ਹੈ ਤਾਂ ਮੂਹਰਲੀ ਕਤਾਰ ਨੂੰ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਨਾ ਪਵੇਗਾ। ਵੰਦਨਾ ਕਟਾਰੀਆ ਮੂਹਰਲੀ ਕਤਾਰ ’ਚ ਭਾਰਤ ਲਈ ਸਟਾਰ ਰਹੀ ਹੈ ਪਰ ਉਸ ਨੂੰ ਲਾਲਰੇਮਸਿਆਮੀ ਤੇ ਸ਼ਰਮਿਲਾ ਦੇਵੀ ਵਰਗੀਆਂ ਖਿਡਾਰਨਾਂ ਤੋਂ ਵੱਧ ਸਹਿਯੋਗ ਦੀ ਲੋੜ ਹੈ। ਮਿਡਫੀਲਡ ਤੇ ਮੂਹਰਲੀ ਕਤਾਰ ਵਿਚਾਲੇ ਬਿਹਤਰ ਤਾਲਮੇਲ ਦੀ ਲੋੜ ਹੈ ਜਿਸ ਨਾਲ ਵਧੇਰੇ ਮੌਕੇ ਬਣਾਏ ਜਾ ਸਕਣ। ਮੰਗਲਵਾਰ ਨੂੰ ਇੱਕ ਹੋਰ ਜਿੱਤ ਨਾਲ ਭਾਰਤ ਦੀ ਸੈਮੀ ਫਾਈਲਲ ’ਚ ਥਾਂ ਪੱਕੀ ਹੋ ਜਾਵੇਗੀ। ਟੀਮ ਬੁੱਧਵਾਰ ਨੂੰ ਆਖਰੀ ਪੂਲ ਮੈਚ ਕੈਨੇਡਾ ਨਾਲ ਖੇਡੇਗੀ। -ਪੀਟੀਆਈ
ਮੈਚ ਲਈ ਸਾਡੀ ਤਿਆਰੀ ਪੂਰੀ: ਸਵਿਤਾ ਪੂਨੀਆ
ਕਪਤਾਨ ਸਵਿਤਾ ਨੇ ਕਿਹਾ, ‘ਇੰਗਲੈਂਡ ਇੱਕ ਚੰਗੀ ਟੀਮ ਹੈ ਅਤੇ ਬਰਮਿੰਘਮ ’ਚ ਉਨ੍ਹਾਂ ਘਰੇਲੂ ਹਾਲਾਤ ’ਚ ਖੇਡਣ ਦਾ ਫਾਇਦਾ ਵੀ ਹੈ। ਇਹ ਸਾਡੇ ਲਈ ਇੱਕ ਚੁਣੌਤੀ ਭਰਿਆ ਮੈਚ ਹੋਵੇਗਾ ਪਰ ਅਸੀਂ ਵੀ ਸ਼ੁਰੂਆਤੀ ਦੋ ਮੈਚ ਜਿੱਤਣ ਮਗਰੋਂ ਚੰਗੀ ਫਾਰਮ ’ਚ ਹਾਂ।’ ਉਨ੍ਹਾਂ ਕਿਹਾ ਕਿ ਉਨ੍ਹਾਂ ਹਾਲ ਹੀ ਵਿੱਚ ਇੰਗਲੈਂਡ ਨਾਲ ਮੈਚ ਖੇਡੇ ਹਨ। ਇਸ ਲਈ ਦੋਵੇਂ ਟੀਮਾਂ ਇੱਕ-ਦੂਜੇ ਦੀ ਖੇਡ ਨੂੰ ਚੰਗੀ ਤਰ੍ਹਾਂ ਜਾਣਦੀਆਂ ਹਨ। ਉਨ੍ਹਾਂ ਕਿਹਾ, ‘ਇੰਗਲੈਂਡ ਨੇ ਸਾਡੇ ਖ਼ਿਲਾਫ਼ ਕੁਝ ਵੱਡੇ ਮੈਚ ਵੀ ਜਿੱਤੇ ਹਨ ਇਸ ਲਈ ਉਹ ਇੱਕ ਮਜ਼ਬੂਤ ਟੀਮ ਹੈ ਪਰ ਅਸੀਂ ਆਪਣੀ ਤਿਆਰੀ ਕੀਤੀ ਹੈ ਅਤੇ ਇਹ ਉਸ ਦਿਨ ਬੇਸਿਕਸ ਸਹੀ ਰੱਖਣ ’ਤੇ ਨਿਰਭਰ ਕਰੇਗਾ।’ ਸਵਿਤਾ ਨੇ ਕਿਹਾ ਕਿ ਇਹ ਟੂਰਨਾਮੈਂਟ ਦਾ ਅਹਿਮ ਮੁਕਾਬਲਾ ਹੈ ਅਤੇ ਉਹ ਆਪਣਾ ਧਿਆਨ ਟੀਚੇ ’ਤੇ ਕੇਂਦਰਿਤ ਕਰ ਰਹੇ ਹਨ।