ਸਿਲਹਟ (ਬੰਗਲਾਦੇਸ਼), 1 ਅਕਤੂਬਰ
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਜੈਮੀਮਾ ਰੌਡਰਿਗਜ਼ ਦੇ ਸ਼ਾਨਦਾਰ ਅਰਧ ਸੈਂਕੜੇ (76 ਦੌੜਾਂ) ਸਦਕਾ ਇੱਥੇ ਸ੍ਰੀਲੰਕਾ ਨੂੰ 41 ਦੌੜਾਂ ਨਾਲ ਹਰਾ ਕੇ ਮਹਿਲਾ ਏਸ਼ੀਆ ਕੱਪ ਟੀ-20 ਵਿੱਚ ਜੇਤੂ ਸ਼ੁਰੂਆਤ ਕੀਤੀ ਹੈ। ਭਾਰਤੀ ਮਹਿਲਾ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ ਵਿੱਚ 6 ਵਿਕਟਾਂ ਗੁਆ ਕੇ 150 ਦੌੜਾਂ ਬਣਾਈਆ ਜਿਸ ਦੇ ਜਵਾਬ ਵਿੱਚ ਸ੍ਰੀਲੰਕਾ ਦੀ ਟੀਮ 109 ਦੌੜਾਂ ’ਤੇ ਸਿਮਟ ਗਈ। ਭਾਰਤੀ ਟੀਮ ਦੇ ਕੁੱਲ ਸਕੋਰ ’ਚ ਜੈਮੀਮਾ ਰੌਡਰਿਗਜ਼ ਨੇ 76 ਦੌੜਾਂ ਦਾ ਯੋਗਦਾਨ ਦਿੱਤਾ। ਆਪਣੀ ਪਾਰੀ ਦੌਰਾਨ ਜੈਮੀਮਾ ਨੇ 11 ਚੌਕੇ ਅਤੇ ਇੱਕ ਛੱਕਾ ਮਾਰਿਆ। ਇਹ ਉਸ ਦੇ ਕੌਮਾਂਤਰੀ ਕਰੀਅਰ ਦੀ ਸਰਵੋਤਮ ਪਾਰੀ ਹੈ। ਕਪਤਾਨ ਹਰਮਨਪ੍ਰੀਤ ਕੌਰ ਨੇ 33, ਹੇਮਲਤਾ ਨੇ 13 ਅਤੇ ਸ਼ੈਫਾਲੀ ਵਰਮਾ ਨੇ 10 ਦੌੜਾਂ ਬਣਾਈਆਂ। ਸ੍ਰੀਲੰਕਾ ਵੱਲੋਂ ਗੇਂਦਬਾਜ਼ ਓ. ਰਾਣਾਸਿੰਘੇ ਨੇ 3 ਵਿਕਟਾਂ ਹਾਸਲ ਕੀਤੀਆਂ ਜਦਕਿ ਚਮਾਰੀ ਅੱਟਾਪੱਟੂ ਤੇ ਐਸ. ਕੁਮਾਰੀ ਨੂੰ ਇੱਕ-ਇੱਕ ਵਿਕਟ ਮਿਲੀ। ਜਿੱਤ ਲਈ ਟੀਚੇ ਦਾ ਪਿੱਛਾ ਕਰਦਿਆਂ ਸ੍ਰੀਲੰਕਾ ਦੀ ਮਹਿਲਾ ਕ੍ਰਿਕਟ ਟੀਮ 18.2 ਓਵਰਾਂ ਵਿੱਚ ਸਿਰਫ 109 ਦੌੜਾਂ ’ਤੇ ਆਊਟ ਹੋ ਗਈ। ਟੀਮ ਵੱਲੋਂ ਸਿਰਫ ਤਿੰਨ ਬੱਲੇਬਾਜ਼ ਹਸਿਨੀ ਪਰੇਰਾ (30 ਦੌੜਾਂ), ਹਰਸ਼ਿਤਾ ਮਦਾਵੀ (26 ਦੌੜਾਂ) ਅਤੇ ਓਸ਼ਾਦੀ ਰਣਸਿੰਘੇ (11 ਦੌੜਾਂ) ਹੀ ਦਹਾਈ ਦੇ ਅੰਕੜੇ ਤੱਕ ਪਹੁੰਚ ਸਕੀਆਂ। ਭਾਰਤ ਵੱਲੋਂ ਦਿਆਲਨ ਹੇਮਲਤਾ ਨੇ 3 ਜਦਕਿ ਦੀਪਤੀ ਸ਼ਰਮਾ ਤੇ ਪੂਜਾ ਵਸਤਰਾਕਾਰ ਨੇ 2-2 ਵਿਕਟਾਂ ਲਈਆਂ। ਰਾਧਾ ਯਾਦਵ ਨੂੰ ਇੱਕ ਵਿਕਟ ਮਿਲੀ। ਸ਼ਾਨਦਾਰ ਪ੍ਰਦਰਸ਼ਨ ਲਈ ਜੈਮੀਮਾ ਰੌਡਰਿਗਜ਼ ‘ਪਲੇਅਰ ਆਫ ਦਿ ਮੈਚ’ ਚੁਣੀ ਗਈ। -ਪੀਟੀਆਈ