ਵਿੰਬਲਡਨ, 6 ਜੁਲਾਈ
ਵਿੰਬਲਡਨ ਵਿੱਚ ਨੋਵਾਕ ਜੋਕੋਵਿਚ 350ਵਾਂ ਗਰੈਂਡਸਲੈਮ ਮੈਚ ਜਿੱਤਣ ਵਾਲੇ ਰੋਜਰ ਫੈਡਰਰ ਅਤੇ ਸੈਰੇਨਾ ਵਿਲੀਅਮਜ਼ ਤੋਂ ਬਾਅਦ ਟੈਨਿਸ ਦੇ ਇਤਿਹਾਸ ਵਿੱਚ ਤੀਜੇ ਖਿਡਾਰੀ ਬਣ ਗਏ, ਜਦਕਿ ਦੋ ਸਾਲ ਪਹਿਲਾਂ ਦੀ ਰਨਰ-ਅੱਪ ਕੈਰੋਲੀਨਾ ਪਲਿਸਕੋਵਾ ਪਹਿਲੇ ਗੇੜ ਵਿੱਚ ਕੁਆਲੀਫਾਇਰ ਤੋਂ ਹਾਰ ਗਈ।
ਛੇਵੀਂ ਰੈਂਕਿੰਗ ਵਾਲੇ ਹੋਲਗਰ ਰੂਨੇ ਨੇ ਬਰਤਾਨੀਆ ਦੇ ਵਾਈਲਡ ਕਾਰਡ ਐਂਟਰੀ ਜੌਰਜ ਲੋਫਾਗੇਨ ਨੂੰ 7-6, 6-3, 6-2 ਨਾਲ ਹਰਾਇਆ। ਪੁਰਸ਼ ਵਰਗ ਵਿੱਚ ਸਭ ਤੋਂ ਵੱਧ 23 ਗਰੈਂਡਸਲੈਮ ਜਿੱਤਣ ਵਾਲੇ ਜੋਕੋਵਿਚ ਨੇ ਜਾਰਡਨ ਥੌਂਪਸਨ ਨੂੰ 6-3, 7-6, 7-5 ਨਾਲ ਹਰਾਇਆ। ਤਿੰਨ ਗਰੈਂਡ ਸਲੈਮ ਖ਼ਿਤਾਬ ਜੇਤੂ ਸਟੇਨ ਵਾਵਰਿੰਕਾ ਨੇ ਅਰਜਨਟੀਨਾ ਦੇ ਟੌਮਸ ਮਾਰਟਿਨ ਐਚਵਰੀ ਨੂੰ 6-3, 4-6, 6-4, 6-2 ਨਾਲ ਹਰਾ ਕੇ ਦੂੁਜੇ ਗੇੜ ’ਚ ਜਗ੍ਹਾ ਬਣਾ ਲਈ ਹੈ। ਦੂਜੇ ਗੇੜ ’ਚ ਸਵਿਟਜ਼ਰਲੈਂਡ ਦੇ ਖਿਡਾਰੀ ਵਾਵਰਿੰਕਾ ਦਾ ਮੁਕਾਬਲਾ ਨੋਵਾਕ ਜੋਕੋਵਿਚ ਨਾਲ ਹੋਵੇਗਾ। ਦੋ ਵਾਰ ਦੇ ਗਰੈਂਡਸਲੈਮ ਚੈਂਪੀਅਨ ਸਟੇਫਾਨੋਸ ਸਿਟਸਿਪਾਸ ਨੇ 2020 ਅਮਰੀਕੀ ਓਪਨ ਚੈਂਪੀਅਨ ਡੋਮੀਨਿਕ ਥੀਮ ਨੂੰ 3-6, 7-6, 6-2, 6-7, 7-6 ਨਾਲ ਹਰਾਇਆ। ਸਿਖਰਲਾ ਦਰਜਾ ਪ੍ਰਾਪਤ ਪੋਲੈਂਡ ਦੀ ਈਗਾ ਸਵਿਆਤੇਕ ਸਪੇਨ ਦੀ ਸਾਰਾ ਸੋਰਿਬੋਸ ਟੋਰਮੋ ਨੂੰ 6-2, 6-0 ਨਾਲ ਹਰਾ ਕੇ ਤੀਜੇ ਗੇੜ ’ਚ ਦਾਖ਼ਲ ਹੋਈ। ਰੂਸ ਦੇ ਤੀਜਾ ਦਰਜਾ ਪ੍ਰਾਪਤ ਖਿਡਾਰੀ ਮੈਦਵੇਦੇਵ ਨੇ ਬਰਤਾਨੀਆ ਦੇ 20 ਸਾਲ ਤੇ ਆਰਥਰ ਫੇਰੀ ਨੂੰ ਪਹਿਲੇ ਗੇੜ ਦੇ ਮੁਕਾਬਲੇ ਵਿੱਚ ਸਿੱਧੇ ਸੈੱਟਾਂ ’ਚ 7-5, 6-4, 6-3 ਨਾਲ ਹਰਾਇਆ। -ਏਪੀ
ਪ੍ਰਦਰਸ਼ਨਕਾਰੀਆਂ ਨੇ ਮੈਚ ’ਚ ਵਿਘਨ ਪਾਇਆ
ਮੈਚ ਦੌਰਾਨ ਕੁਝ ਪ੍ਰਦਰਸ਼ਨਕਾਰੀਆਂ ਨੇ ਸੰਤਰੀ ਰੰਗ ਦੇ ਕਾਗਜ਼ ਦੇ ਟੁਕੜੇ ਮੈਦਾਨ ਵਿੱਚ ਸੁੱਟੇ। ਉਨ੍ਹਾਂ ਇਹ ਕਾਗਜ਼ ਸੈਂਟਰ ਕੋਰਟ ’ਤੇ ਵਿਕਣ ਵਾਲੇ ਸਾਮਾਨ ਦੇ ਡੱਬਿਆਂ ਵਿੱਚ ਲੁਕੋ ਕੇ ਰੱਖੇ ਸਨ। ਮੈਚ ਵਿੱਚ ਵਿਘਨ ਪਾਉਣ ਦੇ ਦੋਸ਼ ਹੇਠ ਤਿੰਨ ਵਾਤਾਵਰਨ ਪੱਖੀ ਕਾਰਕੁਨਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ। ਕਾਰਕੁਨਾਂ ਨੇ ‘ਜਸਟ ਸਟੌਪ ਆਇਲ’ ਦੀ ਲਿਖਤ ਵਾਲੀਆਂ ਟੀ-ਸ਼ਰਟਾਂ ਪਾਈਆਂ ਹੋਈਆਂ ਸਨ ਅਤੇ ਉਹ ਬਰਤਾਨੀਆ ਸਰਕਾਰ ਦੇ ਈਂਧਨ, ਗੈਸ ਅਤੇ ਕੋਲਾ ਪ੍ਰਾਜੈਕਟਾਂ ਖ਼ਿਲਾਫ਼ ਰੋਸ ਜਤਾ ਰਹੇ ਸਨ। ਇਸ ਤੋਂ ਇਲਾਵਾ ਦਿਨ ਭਰ ਰੁਕ-ਰੁਕ ਕੇ ਪਏ ਮੀਂਹ ਨੇ ਵੀ ਖੇਡ ਦਾ ਕਾਫ਼ੀ ਸਮਾਂ ਬਰਬਾਦ ਕੀਤਾ।