ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਅਗਸਤ
ਭਾਰਤੀ ਕੁਸ਼ਤੀ ਫੈਡਰੇਸ਼ਨ (ਆਈਡਬਲਿਊਐੱਫ) ਵੱਲੋਂ ਮੁਅੱਤਲ ਤੇ ਟੋਕੀਓ ਓਲੰਪਿਕ ਵਿੱਚ ਤਗ਼ਮੇ ਤੋਂ ਖੁੰਝਣ ਕਰਕੇ ਆਲੋਚਕਾਂ ਦੇ ਕਥਿਤ ਨਿਸ਼ਾਨੇ ’ਤੇ ਆਈ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਅੱਜ ਆਖਿਰ ਆਪਣੀ ‘ਖਾਮੋਸ਼ੀ’ ਤੋੜ ਦਿੱਤੀ ਹੈ। ਵਿਨੇਸ਼ ਨੇ ਕਿਹਾ ਕਿ ਉਸ ਨਾਲ ਹਰ ਕੋਈ ਇੰਜ ਸਲੂਕ ਕਰ ਰਿਹੈ, ਜਿਵੇਂ ਉਹ ਬੇਜਾਨ ਹੋਵੇ। ਉਸ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਮੈਂ ਹੁਣ ਤੱਕ ਸੁਫ਼ਨੇ ’ਚ ਸੀ। ਪਿਛਲੇ ਇੱਕ ਹਫ਼ਤੇ ਤੋਂ ਮੇਰੇ ਅੰਦਰ ਬਹੁਤ ਕੁਝ ਚੱਲ ਰਿਹਾ ਸੀ। ਇਹ ਦੋ ਦਿਲਾਂ ਅਤੇ ਦੋ ਮਨਾਂ ਦੀ ਕਹਾਣੀ ਹੈ। ਮੈਂ ਕੁਸ਼ਤੀ ਨੂੰ ਸਭ ਕੁਝ ਦਿੱਤਾ ਅਤੇ ਹੁਣ ਇਸ ਨੂੰ ਛੱਡਣ ਦਾ ਸਹੀ ਸਮਾਂ ਹੈ। ਪਰ ਫਿਰ ਲੱਗਦਾ ਹੈ ਕਿ ਜੇਕਰ ਮੈਂ ਇਸ ਨੂੰ ਛੱਡ ਦਿੱਤਾ ਤੇ ਨਾ ਲੜੀ, ਇਹ ਮੇਰੇ ਲਈ ਸਭ ਤੋਂ ਵੱਡੀ ਹਾਰ ਹੋਵੇਗੀ।’’
ਵਿਨੇਸ਼ ਨੇ ਕਿਹਾ ਕਿ ਹੁਣ ਉਹ ਆਪਣਾ ਸਾਰਾ ਧਿਆਨ ਪਰਿਵਾਰ ਵਲ ਲਾਉਣਾ ਚਾਹੁੰਦੀ ਹੈ। ਪਰ ਘਰੋਂ ਬਾਹਰ ਹਰ ਕੋਈ ਉਸ ਨਾਲ ਇੰਜ ਸਲੂਕ ਕਰ ਰਿਹੈ ਜਿਵੇਂ ਉਹ ਕੋਈ ਬੇਜਾਨ ਚੀਜ਼ ਹੋਵੇ। ਵਿਨੇਸ਼ ਨੇ ਕਿਹਾ, ‘‘ਮੈਂ ਜਾਣਦੀ ਹਾਂ ਕਿ ਭਾਰਤ ’ਚ ਜਿੰਨੀ ਜਲਦੀ ਤੁਸੀਂ ਉਪਰ ਜਾਂਦੇ ਹੋ, ਓਨੀ ਛੇਤੀ ਹੀ ਹੇਠਾਂ ਡਿੱਗਦੇ ਹੋ। ਇੱਕ ਤਗ਼ਮਾ ਕੀ ਖੁੱਸਿਆ ਅਤੇ ਸਭ ਕੁਝ ਖਤਮ ਹੋ ਗਿਆ।’’ ਵਿਨੇਸ਼ ਨੇ ਕਿਹਾ, ‘‘ਕੁਸ਼ਤੀ ਨੂੰ ਭੁੱਲ ਜਾਓ, ਮੈਨੂੰ ਇਸ ਸਦਮੇ ’ਚੋਂ ਬਾਹਰ ਆਉਣ ਦਿਉ।’’
ਵਿਨੇਸ਼ ਨੇ ਕਿਹਾ, ‘‘ਮੈਟ ’ਤੇ ਕੀ ਹੋਇਆ, ਮੇਰੇ ਤੋਂ ਬਿਹਤਰ ਇਸ ਨੂੰ ਕੋਈ ਨਹੀਂ ਜਾਣ ਸਕਦਾ।’’ ਮਹਿਲਾ ਪਹਿਲਵਾਨ ਨੇ ਕਿਹਾ ਕਿ ਉਹ ਦੁਨੀਆ ਦੀ ਪ੍ਰਵਾਹ ਨਹੀਂ ਕਰਦੀ, ਪਰ ਲੋਕ ਫਿਰ ਵੀ ਉਸ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਵਿਨੇਸ਼ ਨੇ ਕਿਹਾ, ‘ਮੈਂ ਟੋਕੀਓ ਲਈ ਤਿਆਰ ਸੀ। ਮੈਂ 2017 ਤੋਂ ਸਿਰ ਦੀ ਸੱਟ (ਕਨਕਸ਼ਨ) ਤੋਂ ਪੀੜਤ ਹਾਂ। ਕਦੇ-ਕਦੇ ਚੀਜ਼ਾਂ ਧੁੰਦਲੀਆਂ ਹੋ ਜਾਂਦੀਆਂ ਹਨ। ਇਹ ਸਭ ਕੁਝ ਠੀਕ ਹੋ ਗਿਆ ਹੈ ਪਰ ਜਦੋਂ ਕਦੇ ਮੇਰਾ ਸਿਰ ਕਿਸੇ ਚੀਜ਼ ਨਾਲ ਟਕਰਾਉਂਦਾ ਹੈ ਤਾਂ ਇਹ ਦੁਬਾਰਾ ਸ਼ੁਰੂ ਹੋ ਜਾਂਦਾ ਹੈ।’’ ਵਿਨੇਸ਼ ਨੇ ਕਿਹਾ, ‘‘ਮੈਂ ਕਦੇ ਵੀ ਖ਼ੁਦ ਨੂੰ ਸੋਨ ਤਗ਼ਮੇ ਦੀ ਦਾਅਵੇਦਾਰ ਨਹੀਂ ਦੱਸਿਆ। ਮੈਟ ’ਤੇ ਕਦੋਂ ਪਰਤਾਂਗੀ। ਸ਼ਾਇਦ ਕਦੇ ਨਹੀਂ। ਹੁਣ ਮੇਰਾ ਸਰੀਰ ਨਹੀਂ ਟੁੱਟਿਆ, ਪਰ ਮੈਂ ਸੱਚੀਂ ਅੰਦਰੋਂ ਟੁੱਟ ਗਈ ਹਾਂ।’’