ਰਵੇਲ ਸਿੰਘ ਭਿੰਡਰ
ਪਟਿਆਲਾ, 7 ਅਗਸਤ
ਟੋਕੀਓ ਓਲੰਪਿਕ ਵਿੱਚ 6ਵੇਂ ਸਥਾਨ ’ਤੇ ਰਹੀ ਡਿਸਕਸ ਥਰੋਅਰ ਕਮਲਪ੍ਰੀਤ ਕੌਰ ਦਾ ਅੱਜ ਇਥੇ ਕੌਮੀ ਖੇਡ ਸੰਸਥਾ ਐੱਨਆਈਐੱਸ ਵਿੱਚ ਪੁੱਜਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਇਥੇ ਕੁਝ ਦੇਰ ਠਹਿਰਾਓ ਮਗਰੋਂ ਉਹ ਜ਼ਿਲ੍ਹਾ ਸ੍ਰੀ ਮੁਕਤਸਰ ਵਿਚਲੇ ਆਪਣੇ ਪਿੰਡ ਕਬਰਵਾਲਾ ਲਈ ਰਵਾਨਾ ਹੋ ਗਈ। ਐੱਨਆਈਐੱਸ ਦੇ ਬਾਹਰ ਕੋਚਾਂ ਅਤੇ ਖਿਡਾਰੀਆਂ ਨੇ ਉਸ ਦਾ ਨਿੱਘਾ ਸਵਾਗਤ ਕੀਤਾ। ਕਮਲਪ੍ਰੀਤ ਕੌਰ ਨੇ ਕਿਹਾ ਕਿ ਟੋਕੀਓ ਤੋਂ ਪਰਤਣ ’ਤੇ ਜਿਸ ਗਰਮਜੋਸ਼ੀ ਨਾਲ ਲੋਕਾਂ ਨੇ ਉਸ ਦਾ ਸਵਾਗਤ ਕੀਤਾ ਹੈ, ਉਸ ਤੋਂ ਮਨ ਬਹੁਤ ਖੁਸ਼ ਹੋਇਆ ਹੈ। ਉਸ ਨੇ ਕਿਹਾ ਕਿ ਉਹਦੀਆਂ ਪ੍ਰਾਪਤੀਆਂ ਦਾ ਸਿਹਰਾ ਉਸ ਦੇ ਮਾਪਿਆਂ ਅਤੇ ਕੋਚ ਨੂੰ ਜਾਂਦਾ ਹੈ। ਉਸ ਦਾ ਅਗਲਾ ਟੀਚਾ 2024 ਪੈਰਿਸ ਓਲੰਪਿਕ ਖੇਡਾਂ ਵਿਚ ਸੋਨ ਤਗ਼ਮਾ ਜਿੱਤਣਾ ਹੈ। ਕਮਲਪ੍ਰੀਤ ਨੇ ਕਿਹਾ ਕਿ ਉਸ ਨੇ ਬਹੁਤ ਮਿਹਨਤ ਨਾਲ ਇਹ ਮੁਕਾਮ ਹਾਸਲ ਕੀਤਾ ਹੈ ਤੇ ਉਨ੍ਹਾਂ ਸਾਰਿਆਂ ਦੀ ਧੰਨਵਾਦੀ ਹੈ ਜਿਨ੍ਹਾਂ ਨੇ ਇਥੋਂ ਤੱਕ ਪੁੱਜਣ ਵਿੱਚ ਮਦਦ ਕੀਤੀ।
ਇਥੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਮਲਪ੍ਰੀਤ ਕੌਰ ਨੇ ਕਿਹਾ ਕਿ ਸਰਕਾਰਾਂ ਨੂੰ ਵੱਡੇ ਵੱਡੇ ਸਟੇਡੀਅਮਾਂ ਨਾਲੋਂ ਖਿਡਾਰੀਆਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ। ਖਿਡਾਰੀਆਂ ਨੂੰ ਬਿਹਤਰ ਸਹੂਲਤਾਂ ਮਿਲਣੀਆਂ ਅਤਿ ਜ਼ਰੂਰੀ ਹਨ। ਉਸ ਨੇ ਕਿਹਾ ਕਿ ਜੇਕਰ ਸ਼ੁਰੂ ਵਿੱਚ ਹੀ ਖਿਡਾਰੀਆਂ ਦੀ ਚੰਗੀ ਦੇਖਭਾਲ ਹੋ ਜਾਏ ਤਾਂ ਦੇਸ਼ ਨੂੰ ਤਗ਼ਮਿਆਂ ਦੀ ਤੋਟ ਨਹੀਂ ਰਹੇਗੀ। ਉਸ ਨੇ ਨੌਜਵਾਨ ਕੁੜੀਆਂ ਨੂੰ ਸੁਨੇਹਾ ਦਿੱਤਾ ਕਿ ਉਹ ਖੂਬ ਲਗਨ ਨਾਲ ਮਿਹਨਤ ਕਰਨ ਤਾਂ ਹੀ ਖੇਡਾਂ ਵਿਚ ਮੱਲਾਂ ਮਾਰ ਸਕਦੀਆਂ ਹਨ। ਕਮਲਪ੍ਰੀਤ ਨੇ ਕਿਹਾ ਕਿ ਉਸ ਦਾ ਅਗਲਾ ਨਿਸ਼ਾਨਾ 2024 ਓਲੰਪਿਕਸ ਹਨ। ਇਸ ਮੌਕੇ ਉਹਦੇ ਨਾਲ ਉਸ ਦੀ ਕੋਚ ਰਾਖੀ ਤਿਆਗੀ ਵੀ ਸੀ। ਤਿਆਗੀ ਨੇ ਕਿਹਾ ਕਿ ਕਮਲਪ੍ਰੀਤ ਨੇ ਬਹੁਤ ਮਿਹਨਤ ਕੀਤੀ ਹੈ। ਇਸ ਮੌਕੇ ਯੂਥ ਅਕਾਲੀ ਦਲ ਪਟਿਆਲਾ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਸਤਨਾਮ ਸਿੰਘ ਸੱਤਾ ਸਮੇਤ ਵੱਖ ਵੱਖ ਨੌਜਵਾਨਾਂ ਨੇ ਕਮਲਪ੍ਰੀਤ ਕੌਰ ਨੂੰ ਸਿਰੋਪਾਓ ਤੇ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ।