ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 31 ਅਕਤੂਬਰ
ਮਸਤੂਆਣਾ ਸਾਹਿਬ ਵਿਖੇ ਸਵ. ਸ੍ਰੀ ਨਰੈਣ ਸ਼ਰਮਾ ਦੇ ਪੁਰਾਣੇ ਸ਼ੁਗਿਰਦ ਖਿਡਾਰੀਆਂ ਵੱਲੋਂ ਕਰਵਾਏ ਗਏ 7ਵੇਂ ਆਲ ਇੰਡੀਆ ਸ੍ਰੀ ਨਰੈਣ ਸ਼ਰਮਾ ਮੈਮੋਰੀਅਲ ਤਿੰਨ ਰੋਜ਼ਾ ਵਾਲੀਬਾਲ ਟੂਰਨਾਮੈਂਟ (ਲੜਕੇ-ਲੜਕੀਆਂ) ਦੌਰਾਨ ਬਲਵਿੰਦਰ ਸਿੰਘ ਸਪੋਰਟਸ ਕਲੱਬ ਕਰਨਾਲ ਲੜਕਿਆਂ ਦੀ ਟੀਮ ਨੇ ਪਹਿਲਾ ਤੇ ਵਾਲੀਬਾਲ ਕਲੱਬ ਅਮਰਗੜ੍ਹ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ। ਜਦੋਂਕਿ ਸਪੋਰਟਸ ਕਲੱਬ ਹਨੂੰਮਾਨਗੜ੍ਹ ਰਾਜਸਥਾਨ ਲੜਕੀਆਂ ਦੀ ਟੀਮ ਨੇ ਪਹਿਲਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ। ਆਲ ਇੰਡੀਆ ਸ੍ਰੀ ਨਰੈਣ ਸ਼ਰਮਾ ਮੈਮੋਰੀਅਲ ਕਲੱਬ ਵੱਲੋਂ ਕਰਵਾਏ ਗਏ, ਇਸ ਵਾਲੀਵਾਲ ਟੂਰਨਾਮੈਂਟ ਦਾ ਉਦਘਾਟਨ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਮਾਰਕਫੈੱਡ ਪੰਜਾਬ ਦੇ ਚੇਅਰਮੈਨ ਕੁਸ਼ਲਦੀਪ ਸਿੰਘ ਢਿੱਲੋਂ ਵਿਧਾਇਕ ਫ਼ਰੀਦਕੋਟ ਨੇ ਕੀਤਾ। ਇਸ ਮੌਕੇ ਸਕੱਤਰ ਜਸਵੰਤ ਸਿੰਘ ਖਹਿਰਾ, ਮਨੋਜ ਕੁਮਾਰ ਮੰਨੂ ਬਡਰੁੱਖਾਂ, ਗੁਰਜੰਟ ਸਿੰਘ ਦੁੱਗਾਂ ਅਤੇ ਸਾਈ ਸੈਂਟਰ ਦੇ ਇੰਚਾਰਜ ਸ੍ਰੀ ਪ੍ਰੇਮਸੁੱਖ ਸਮੇਤ ਹੋਰ ਕਲੱਬ ਮੈਂਬਰ ਤੇ ਮੋਹਤਬਰ ਸ਼ਖ਼ਸੀਅਤਾਂ ਮੌਜੂਦ ਸਨ।