ਮਾਨਸਾ: ਮਾਨਸਾ ਸ਼ਹਿਰ ਦਾ ਜੰਮਪਲ ਜੋਸ਼ਨੂਰ ਢੀਂਡਸਾ ਬਹਿਰੀਨ ਵਿੱਚ ਹੋਣ ਜਾ ਰਹੀ ਅੰਡਰ-20 ਏਸ਼ਿਆਈ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਜੂਨੀਅਰ ਟੀਮ ਦਾ ਹਿੱਸਾ ਹੋਵੇਗਾ। ਉਹ 7 ਤੋਂ 14 ਅਗਸਤ ਤੱਕ ਥਾਈਲੈਂਡ ਵਿੱਚ ਹੋਏ ਏਸ਼ੀਆ ਕੱਪ ’ਚ ਭਾਰਤ ਦੀ ਸੀਨੀਅਰ ਵਾਲੀਬਾਲ ਟੀਮ ਵੱਲੋਂ ਖੇਡ ਕੇ ਆਇਆ ਹੈ। ਉਹ ਭਾਰਤ ਦੀ ਸੀਨੀਅਰ ਟੀਮ ਵਿੱਚ ਹਿੱਸਾ ਲੈਣ ਵਾਲਾ ਇਕੱਲਾ ਪੰਜਾਬੀ ਸੀ ਤੇ ਹੁਣ ਜੂਨੀਅਰ ਟੀਮ ਵਿੱਚ ਖੇਡਣ ਵਾਲਾ ਵੀ ਪੰਜਾਬ ਦਾ ਇਕਲੌਤਾ ਖਿਡਾਰੀ ਹੈ। 6 ਫੁੱਟ 8 ਇੰਚ ਕੱਦ ਦਾ ਜੋਸ਼ਨੂਰ ਪਿਛਲੇ ਤਿੰਨ ਮਹੀਨਿਆਂ ਤੋਂ ਉੜੀਸਾ ਦੀ ਰਾਜਧਾਨੀ ਭੁਬਨੇਸ਼ਵਰ ਵਿੱਚ ਜੂਨੀਅਰ ਏਸ਼ੀਆ ਕੱਪ ਲਈ ਭਾਰਤੀ ਟੀਮ ਦੇ ਕੈਂਪ ਵਿੱਚ ਸਿਖਲਾਈ ਲੈ ਰਿਹਾ ਸੀ ਪਰ ਸੀਨੀਅਰ ਟੀਮ ਦੇ ਕੋਚ ਜੀ.ਈ. ਸ੍ਰੀਧਰਨ (ਅਰਜੁਨ ਅਤੇ ਦਰੋਣਾਚਾਰਿਆ ਐਵਾਰਡੀ) ਨੇ ਉਸ ਦੀ ਖੇਡ ਤੋਂ ਪ੍ਰਭਾਵਿਤ ਹੋ ਕੇ ਉਸ ਨੂੰ ਸੀਨੀਅਰ ਵਾਲੀਬਾਲ ਟੀਮ ਲਈ ਚੁਣਿਆ ਸੀ। ਉਸੇ ਕੋਚ ਨੇ ਹੁਣ ਉਸ ਨੂੰ ਜੂਨੀਅਰ ਏਸ਼ਿਆਈ ਕੱਪ ਵਿੱਚ ਟੀਮ ਦੀ ਨੁਮਾਇੰਦਗੀ ਕਰਨ ਦਾ ਮੌਕਾ ਦਿੱਤਾ ਹੈ। ਮਾਨਸਾ ਰਹਿੰਦੇ ਉਸ ਦੇ ਪਿਤਾ ਸੁਖਵਿੰਦਰ ਸਿੰਘ ਢੀਂਡਸਾ ਅਤੇ ਮਾਤਾ ਰਣਜੀਤ ਕੌਰ ਨੇ ਦੱਸਿਆ ਕਿ ਜੋਸ਼ਨੂਰ 22 ਤੋਂ 29 ਅਗਸਤ ਤੱਕ ਬਹਿਰੀਨ ਵਿੱਚ ਹੋਣ ਵਾਲੀ ਅੰਡਰ-20 ਏਸ਼ਿਆਈ ਚੈਪੀਅਨਸ਼ਿਪ ਵਿੱਚ ਖੇਡਣ ਲਈ ਰਵਾਨਾ ਹੋ ਗਿਆ ਹੈ। -ਪੱਤਰ ਪ੍ਰੇਰਕ