ਦੁਬਈ: ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕੌਮਾਂਤਰੀ ਕ੍ਰਿਕਟ ਕਾਊਂਸਲ (ਆਈਸੀਸੀ) ਦੇ ਦਹਾਕੇ ਦੇ ਸਰਵੋਤਮ ਕ੍ਰਿਕਟਰ ਦਾ ‘ਸਰ ਗੈਰੀਫੀਲਡ ਸੋਬਰਜ਼’ ਖਿਤਾਬ ਜਿੱਤਿਆ ਹੈ। ਕੋਹਲੀ ਦਹਾਕੇ ਦਾ ਇਕ ਦਿਨਾ ਸਰਵੋਤਮ ਕੌਮਾਂਤਰੀ ਕ੍ਰਿਕਟਰ ਵੀ ਚੁਣਿਆ ਗਿਆ ਹੈ।
ਇਹ ਐਲਾਨ ਆਈਸੀਸੀ ਨੇ ਟਵਿੱਟਰ ’ਤੇ ਕੀਤਾ। ਦੂਜੇ ਪਾਸੇ ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਦਹਾਕੇ ਦਾ ਆਈਸੀਸੀ ‘ਸਪਿਰਟ ਆਫ ਕ੍ਰਿਕਟ ਐਵਾਰਡ’ ਦਿੱਤਾ ਗਿਆ ਹੈ। ਕੋਹਲੀ ਨੇ ਇਕ ਦਿਨਾ ਮੈਚਾਂ ’ਚ 12040, ਟੈਸਟ ਕ੍ਰਿਕਟ ’ਚ 7318 ਤੇ ਟੀ-20 ਵਿਚ 2928 ਦੌੜਾਂ ਬਣਾਈਆਂ ਹਨ ਤੇ ਉਸ ਨੇ ਕ੍ਰਿਕਟ ਦੀਆਂ ਤਿੰਨੇ ਵੰਨਗੀਆਂ ਵਿੱਚ 50 ਤੋਂ ’ਤੇ ਔਸਤ ਦੌੜਾਂ ਬਣਾਈਆਂ ਹਨ। ਆਈਸੀਸੀ ਨੇ ਆਸਟਰੇਲਿਆਈ ਖਿਡਾਰੀ ਸਟੀਵ ਸਮਿੱਥ ਨੂੰ ਦਹਾਕੇ ਦਾ ਟੈਸਟ ਕ੍ਰਿਕਟਰ ਤੇ ਅਫਗਾਨਿਸਤਾਨ ਦੇ ਰਾਸ਼ਿਦ ਖਾਨ ਨੂੰ ਦਹਾਕੇ ਦਾ ਟੀ-20 ਕ੍ਰਿਕਟਰ ਵਜੋਂ ਚੁਣਿਆ ਹੈ। -ਆਈਏਐਨਐਸ