ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 2 ਅਗਸਤ
ਭਾਰਤੀ ਹਾਕੀ ਟੀਮ ਦੇ ਖਿਡਾਰੀ ਵਜੋ ਟੀਮ ਵਿਚ ਸ਼ਾਮਲ ਗੁਰਜੰਟ ਸਿੰਘ ਦੇ ਪਰਿਵਾਰ ਅਤੇ ਪਿੰਡ ਖਲਿਹਾਰਾ ਦੇ ਵਾਸੀਆਂ ਨੂੰ ਉਮੀਦ ਹੈ ਕਿ ਇਸ ਵਾਰ ਭਾਰਤੀ ਟੀਮ ਫਾਈਨਲ ਮੈਚ ਜਿੱਤ ਕੇ ਪਰਤੇਗੀ। ਗੁਰਜੰਟ ਦੇ ਪਿਤਾ ਬਲਦੇਵ ਸਿੰਘ ਨੇ ਕਿਹਾ ਕਿ ਉਸ ਦਾ ਪਰਿਵਾਰ ਅਤੇ ਪਿੰਡ ਵਾਸੀ ਵੀ ਗੁਰਜੰਟ ਦੀ ਖੇਡ ਨੂੰ ਨੇੜਿਓਂ ਦੇਖ ਰਹੇ ਹਨ। ਉਨ੍ਹਾਂ ਦੱਸਿਆ ਕਿ ਗੁਰਜੰਟ ਆਪਣੇ ਮਾਮੇ ਹਰਦੇਵ ਸਿੰਘ ਤੋਂ ਪ੍ਰਭਾਵਿਤ ਹੋ ਕੇ ਹਾਕੀ ਖਿਡਾਰੀ ਬਣਿਆ ਹੈ। ਉਸ ਦਾ ਮਾਮਾ ਵੀ ਇਸੇ ਖੇਡ ਵਿਚ ਨੈਸ਼ਨਲ ਪੱਧਰ ’ਤੇ ਕਈ ਮੈਚ ਖੇਡ ਚੁੱਕਾ ਹੈ। ਗੁਰਜੰਟ ਸਿੰਘ ਇਸ ਵੇੇਲੇ ਭਾਰਤੀ ਹਾਕੀ ਟੀਮ ਵਿਚ ਫਾਰਵਰਡ ਪੁਜ਼ੀਸ਼ਨ ’ਤੇ ਖੇਡ ਰਿਹਾ ਹੈ। ਉਹ 2016 ਵਿਚ ਲਖਨਊ ਵਿੱਚ ਹੋਏ ਜੂਨੀਅਰ ਵਰਲਡ ਹਾਕੀ ਕੱਪ ਵਿਚ ਸੋਨ ਤਗ਼ਮਾ ਜਿੱਤ ਚੁੱਕਾ ਹੈ। ਉਸ ਦੇ ਘਰ ਤੇ ਪਿੰਡ ਵਿਚ ਟੀਮ ਦੀ ਜਿੱਤ ਨੂੰ ਲੈ ਕੇ ਖੁਸ਼ੀ ਦਾ ਮਾਹੌਲ ਹੈ।
ਸਿਮਰਨਜੀਤ ਸਿੰਘ ਦੇ ਘਰ ’ਚ ਵੀ ਲੱਗੀਆਂ ਰੌਣਕਾਂ
ਬਟਾਲਾ (ਦਲਬੀਰ ਸੱਖੋਵਾਲੀਆ): ਇਥੋਂ ਨੇੜਲੇ ਪਿੰਡ ਚਾਹਲ ਕਲਾ ਦੀ ਧਰਤੀ ਨਾਲ ਮੋਹ ਰੱਖਣ ਵਾਲੇ ਹਾਕੀ ਖਿਡਾਰੀ ਸਿਮਰਨਜੀਤ ਸਿੰਘ ਦੇ ਘਰ ਵਿੱਚ ਵੀ ਅੱਜ ਰੌਣਕਾਂ ਲੱਗੀਆਂ ਰਹੀਆਂ। ਪਿੰਡ ਦੇ ਲੋਕ ਬਾਗ਼ੋਬਾਗ ਹਨ ਤੇ ਉਹ ਮੰਗਲਵਾਰ ਨੂੰ ਬੈਲਜੀਅਮ ਖਿਲਾਫ਼ ਹੋਣ ਵਾਲੇ ਮੁਕਾਬਲੇ ’ਚ ਭਾਰਤ ਦੀ ਜਿੱਤ ਲਈ ਅਰਦਾਸਾਂ ਕਰ ਰਹੇ ਹਨ। ਸਿਮਰਨਜੀਤ ਦਾ ਪਿਤਾ ਇਕਬਾਲ ਸਿੰਘ ਭਾਵੇਂ ਕੁਝ ਦਹਾਕੇ ਪਹਿਲਾਂ ਖੇਤੀਬਾੜੀ ਲਈ ਯੂਪੀ ਦੇ ਜ਼ਿਲ੍ਹਾ ਪੀਲੀਭੀਤ ਦੇ ਕਸਬਾ ਮਝੌਲਾ ਚਲਿਆ ਗਿਆ ਸੀ, ਪਰ ਸਿਮਰਨਜੀਤ ਛੋਟੀ ਉਮਰੇ ਹੀ ਆਪਣੇ ਤਾਏ ਰਛਪਾਲ ਸਿੰਘ ਕੋਲ ਆਪਣੇ ਜੱਦੀ ਘਰ ਵਿੱਚ ਰਹਿਣ ਲੱਗ ਪਿਆ ਸੀ। ਉਸ ਨੇ ਹਾਕੀ ਅਕੈਡਮੀ ਸ਼ਾਹਬਾਦ (ਨੇੜੇ ਬਟਾਲਾ) ’ਚ ਦਾਖ਼ਲ ਹੋ ਕੇ ਹਾਕੀ ਦੇ ਗੁਰ ਸਿੱਖੇ। ਉਸ ਦੀ ਭੈਣ ਨਵਨੀਤ ਕੌਰ ਨੇ ਦੱਸਿਆ ਕਿ ਪਿੰਡ ਚਾਹਲ ਕਲਾਂ ਨੇ ਕਈ ਨੈਸ਼ਨਲ ਪੱਧਰ ਦੇ ਹਾਕੀ ਖਿਡਾਰੀ ਦਿੱਤੇ ਹਨ, ਪਰ ਸਿਮਰਨਜੀਤ ਅਜਿਹਾ ਖਿਡਾਰੀ ਹੈ, ਜੋ ਓਲੰਪਿਕ ਤੱਕ ਪਹੁੰਚਿਆ ਹੈ।
ਹਰਿਆਣਾ ਦੇ ਸੋਨ ਤਗ਼ਮਾ ਜੇਤੂ ਖਿਡਾਰੀ ਨੂੰ ਮਿਲਣਗੇ 6 ਕਰੋੜ ਰੁਪਏ
ਅੰਬਾਲਾ (ਰਤਨ ਸਿੰਘ ਢਿੱਲੋਂ): ਹਰਿਆਣਾ ਦੇ ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਅੱਜ ਕਿਹਾ ਕਿ ਟੋਕੀਓ ਓਲੰਪਿਕ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਵਾਲੇ ਖਿਡਾਰੀ ਨੂੰ 6 ਕਰੋੜ ਰੁਪਏ ਦਿੱਤੇ ਜਾਣਗੇ। ਉਨ੍ਹਾਂ ਓਲੰਪਿਕ ਹਾਕੀ ਦੇ ਸੈਮੀ ਫਾਈਨਲ ਗੇੜ ਵਿੱਚ ਥਾਂ ਬਣਾਉਣ ਵਾਲੀਆਂ ਪੁਰਸ਼ ਤੇ ਮਹਿਲਾ ਟੀਮਾਂ ਨੂੰ ਟਵੀਟ ਕਰਕੇ ਵਧਾਈ ਦਿੱਤੀ ਹੈ। ਉਨ੍ਹਾਂ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨਾਲ ਫ਼ੋਨ ’ਤੇ ਗੱਲ ਕਰਕੇ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ ਹੈ। ਸ੍ਰੀ ਵਿੱਜ ਨੇ ਕਿਹਾ ਕਿ ਜੋ ਵਿਸ਼ਵਾਸ ਰਾਣੀ ਰਾਮਪਾਲ ਦੀ ਗੱਲਬਾਤ ਵਿਚੋਂ ਨਜ਼ਰ ਆ ਰਿਹਾ ਹੈ, ਉਸ ਤੋਂ ਲਗਦਾ ਹੈ ਕਿ ਉਹ ਆਪਣੀ ਟੀਮ ਨੂੰ ਓਲੰਪਿਕ ਦੇ ਆਖ਼ਰੀ ਪੜਾਅ ਤੱਕ ਜ਼ਰੂਰ ਲੈ ਕੇ ਜਾਵੇਗੀ। ਟੀਮ ਦਾ ਹੌਸਲਾ ਵਧਾਉਣ ਲਈ ਉਨ੍ਹਾਂ ਹਰਿਆਣਵੀ ਵਿਚ ਵੀ ਟਵੀਟ ਕੀਤਾ ਹੈ। ਭਾਰਤੀ ਮਹਿਲਾ ਹਾਕੀ ਟੀਮ ਵਿੱਚ ਹਰਿਆਣਾ ਦੀਆਂ 9 ਖਿਡਾਰਨਾਂ ਹਨ। ਵਿੱਜ ਨੇ ਕਿਹਾ ਕਿ ਜੇ ਮਹਿਲਾ ਹਾਕੀ ਟੀਮ ਸੋਨ ਤਗ਼ਮਾ ਜਿੱਤ ਕੇ ਮੁੜਦੀ ਹੈ ਤਾਂ ਹਰਿਆਣਾ ਦੀਆਂ ਖਿਡਾਰਨਾਂ ਨੂੰ 6-6 ਕਰੋੜ ਰੁਪਏ ਅਤੇ ਸਰਕਾਰੀ ਨੌਕਰੀ ਨਾਲ ਨਿਵਾਜਿਆ ਜਾਵੇਗਾ।