ਬਰਮਿੰਘਮ, 2 ਅਗਸਤ
ਭਾਰਤ ਦੇ ਹੈਵੀਵੇਟ ਵੇਟਲਿਫਟਰ ਵਿਕਾਸ ਠਾਕੁਰ ਨੇ ਅੱਜ 96 ਕਿਲੋਗ੍ਰਾਮ ਵਰਗ ਵਿਚ ਚਾਂਦੀ ਦਾ ਤਗਮਾ ਜਿੱਤਿਆ। ਠਾਕੁਰ ਨੇ ਕੁੱਲ 346 ਕਿਲੋ (155 ਕਿਲੋ ਤੇ 191 ਕਿਲੋ) ਵਜ਼ਨ ਚੁੱਕ ਕੇ ਦੂਜਾ ਸਥਾਨ ਹਾਸਲ ਕੀਤਾ। ਠਾਕੁਰ ਦਾ ਰਾਸ਼ਟਰਮੰਡਲ ਖੇਡਾਂ ਵਿਚ ਇਹ ਦੂਜਾ ਚਾਂਦੀ ਦਾ ਤਗਮਾ ਹੈ।
ਉਹ 2014 ਗਲਾਸਗੋ ਖੇਡਾਂ ਵਿਚ ਵੀ ਦੂਜੇ ਸਥਾਨ ਉਤੇ ਰਹੇ ਸਨ। ਜਦਕਿ ਗੋਲਡ ਕੋਸਟ ਵਿਚ 2018 ਵਿਚ ਉਨ੍ਹਾਂ ਕਾਂਸੀ ਦਾ ਤਗਮਾ ਜਿੱਤਿਆ ਸੀ। ਸਮੋਆ ਦੇ ਡੌਨ ਓਪੇਲੋਗੇ ਨੇ ਕੁੱਲ 381 ਕਿਲੋ ਵਜ਼ਨ ਚੁੱਕ ਕੇ ਰਿਕਾਰਡ ਤੋੜ ਪ੍ਰਦਰਸ਼ਨ ਨਾਲ ਸੋਨ ਤਗਮਾ ਜਿੱਤਿਆ ਤੇ ਆਪਣੇ 2018 ਦੇ ਪ੍ਰਦਰਸ਼ਨ ਨੂੰ ਸੁਧਾਰਿਆ। ਫਿਜੀ ਦੇ ਵੇਟਲਿਫਟਰ ਨੇ ਕਾਂਸੀ ਦਾ ਤਗਮਾ ਆਪਣੇ ਨਾਂ ਕੀਤਾ। ਠਾਕੁਰ ਨੇ ਸਨੈਚ ਵਿਚ ਤਿੰਨ ਕੋਸ਼ਿਸ਼ਾਂ ਵਿਚ 149 ਕਿਲੋ, 153 ਕਿਲੋ ਤੇ 155 ਕਿਲੋ ਵਜ਼ਨ ਉਠਾ ਕੇ ਤਗਮਾ ਜਿੱਤਿਆ ਹੈ। ਕਲੀਨ ਐਂਡ ਜਰਕ ਵਿਚ ਠਾਕੁਰ ਨੇ 187 ਕਿਲੋ ਵਜ਼ਨ ਉਠਾ ਕੇ ਸ਼ੁਰੂਆਤ ਕੀਤੀ। ਦੂਜੀ ਕੋਸ਼ਿਸ਼ ਵਿਚ ਉਨ੍ਹਾਂ 191 ਕਿਲੋ ਵਜ਼ਨ ਉਠਾਇਆ। ਚਾਂਦੀ ਦਾ ਤਗਮਾ ਯਕੀਨੀ ਕਰਨ ਤੋਂ ਬਾਅਦ ਠਾਕੁਰ ਨੇ ਆਖਰੀ ਕੋਸ਼ਿਸ਼ ਵਿਚ 198 ਕਿਲੋ ਵਜ਼ਨ ਉਠਾਉਣ ਦਾ ਯਤਨ ਕੀਤਾ। ਹਾਲਾਂਕਿ ਉਹ ਇਸ ਵਿਚ ਨਾਕਾਮ ਰਹੇ। -ਪੀਟੀਆਈ