ਨਿਊਯਾਰਕ, 7 ਸਤੰਬਰ
ਭਾਰਤ ਦੇ ਟੈਨਿਸ ਖਿਡਾਰੀ ਰੋਹਨ ਬੋਪੰਨਾ ਅਤੇ ਕਰੋਏਸ਼ੀਆ ਮੂਲ ਦੇ ਇਵਾਨ ਡੋਡਿੰਗ ਦੀ ਜੋੜੀ ਨੇ ਅਮਰੀਕੀ ਓਪਨ ਦੇ ਪੁਰਸ਼ ਡਬਲਜ਼ ਮੁਕਾਬਲੇ ਦੇ ਤੀਸਰੇ ਦੌਰ ਵਿੱਚ ਤਿੱਖੀ ਚੁਣੌਤੀ ਪੇਸ਼ ਕਰਨ ਦੇ ਬਾਵਜੂਦ ਇਥੇ ਰਾਜੀਵ ਰਾਮ ਤੇ ਜੋਅ ਸਲਿਸਬਰੀ ਦੀ ਚੌਥੇ ਰੈਂਕ ਦੀ ਜੋੜੀ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਬੋਪੰਨਾ ਤੇ ਡੋਡਿੰਗ ਦੀ 13ਵੇਂ ਰੈਂਕ ਦੀ ਜੋੜੀ ਨੂੰ ਆਸਟਰੇਲੀਅਨ ਓਪਨ ਦੀ ਉਪ ਜੇਤੂ ਜੋੜੀ ਦੇ ਖਿਲਾਫ਼ ਦੋ ਘੰਟੇ ਤੇ 30 ਮਿੰਟ ਚਲੇ ਮੁਕਾਬਲੇ ਵਿੱਚ 7-6, 4-6, 6-7 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਨਾਲ ਮੌਜੂਦਾ ਸਤਰ ਦੇ ਆਖਰੀ ਗਰੈਂਡ ਸਲੈਮ ਮੁਕਾਬਲੇ ਵਿੱਚ ਭਾਰਤ ਦੀ ਚੁਣੌਤੀ ਖਤਮ ਹੋ ਗਈ ਹੈ। ਜ਼ਿਕਰਯੋਗ ਹੈ ਕਿ ਸਾਨੀਆ ਮਿਰਜ਼ਾ ਨੂੰ ਡਬਲਜ਼ ਤੇ ਸਿੰਗਲ ਮੁਕਾਬਲਿਆਂ ਦੇ ਪਹਿਲੇ ਦੌਰਾਂ ਵਿੱਚ ਹੀ ਹਾਰ ਸਹਿਣੀ ਪਈ ਸੀ ਜਦੋਂਕਿ ਅੰਕਿਤਾ ਰੈਣਾ ਵੀ ਮਹਿਲਾ ਸਿੰਗਲ ਮੁਕਾਬਲੇ ਵਿੱਚ ਹਾਰ ਗਈ ਸੀ। ਪ੍ਰਜਨੇਸ਼ ਗੁਨੇਸ਼ਵਰਨ, ਸੁਮਿਤ ਨਾਗਲ ਅਤੇ ਰਾਮਕੁਮਾਰ ਰਾਮਨਾਥਨ ਸਿੰਗਲ ਦੌਰ ਦੇ ਮੁੱਖ ਡਰਾਅ ਵਿੱਚ ਥਾਂ ਬਣਾਉਣ ਵਿੱਚ ਨਾਕਾਮ ਰਹੇ ਸਨ ਤੇ ਕੁਆਲੀਫਾਇਰ ਵਿੱਚ ਹੀ ਹਾਰ ਗਏ ਸਨ। -ਪੀਟੀਆਈ