ਬੈਂਕਾਕ: ਭਾਰਤੀ ਮਹਿਲਾ ਬੈਡਮਿੰਟਨ ਟੀਮ ਨੇ ਗਰੁੱਪ ‘ਡੀ’ ਦੇ ਮੈਚ ਵਿੱਚ ਅੱਜ ਇੱਥੇ ਅਮਰੀਕਾ ਨੂੰ ਇਕਤਰਫ਼ਾ ਮੁਕਾਬਲੇ ਵਿੱਚ 4-1 ਨਾਲ ਹਰ ਕੇ ਊਬਰ ਕੱਪ ਫਾਈਨਲ ਦੇ ਕੁਆਰਟਰਜ਼ ਵਿੱਚ ਥਾਂ ਬਣਾ ਲਈ ਹੈ। ਭਾਰਤ ਦੀ ਇਹ ਦੂਜੀ ਜਿੱਤ ਹੈ। ਉਸ ਨੇ ਪਹਿਲੇ ਮੈਚ ਵਿੱਚ ਕੈਨੇਡਾ ਨੂੰ 4-1 ਨਾਲ ਮਾਤ ਦਿੱਤੀ ਸੀ। ਇਸ ਦੇ ਨਾਲ ਹੀ ਉਸ ਦਾ ਗਰੁੱਪ ਗੇੜ ਵਿੱਚ ਸਿਖਰਲੇ ਦੋ ਸਥਾਨਾਂ ਵਿੱਚ ਰਹਿਣਾ ਤੈਅ ਹੈ। ਪੀਵੀ ਸਿੰਧੂ ਨੇ ਜੈਨੀ ਗੇਈ ਨੂੰ 21-10, 21-11 ਨਾਲ ਹਰਾ ਕੇ ਭਾਰਤ ਨੂੰ ਚੰਗੀ ਸ਼ੁਰੂਆਤ ਦਿਵਾਈ। ਫਿਰ ਡਬਲਜ਼ ਵਿੱਚ ਤਨੀਸ਼ਾ ਕ੍ਰਾਸਟੋ ਅਤੇ ਟਰੀਸਾ ਜੌਲੀ ਦੀ ਜੋੜੀ ਨੇ ਫਰਾਂਸਿਸਕਾ ਕਾਰਬੇਟ ਅਤੇ ਐਲੀਸਨ ਲੀ ਨੂੰ 21-19, 21-10 ਨਾਲ ਹਰਾਇਆ। ਆਕਸ਼ੀ ਕਸ਼ਯਪ ਨੇ ਐਸਥਰ ਸ਼ੀ ਨੂੰ 21-18, 21-11 ਨਾਲ ਹਰਾ ਕੇ ਭਾਰਤ ਦੀ ਲੀਡ 3-0 ਕਰ ਦਿੱਤੀ। ਹਾਲਾਂਕਿ, ਸਿਮਰਨ ਸਿੰਘੀ ਅਤੇ ਰਿਤਿਕਾ ਠਾਕਰ ਦੀ ਜੋੜੀ ਅਮਰੀਕਾ ਦੇ ਲੌਰੇਨ ਲੈਮ ਅਤੇ ਕੋਡੀ ਟੈਂਗ ਲੀ ਤੋਂ 12-21, 21-17, 13-21 ਨਾਲ ਹਾਰ ਗਈ। ਆਖ਼ਰੀ ਮੈਚ ਵਿੱਚ ਅਸ਼ਮਿਤਾ ਚਾਲਿਹਾ ਨੇ ਨਤਾਲੀ ਚੀ ਨੂੰ 21-18, 21-13 ਨਾਲ ਸ਼ਿਕਸਤ ਦੇ ਕੇ ਭਾਰਤ ਨੂੰ 4-1 ਨਾਲ ਜਿੱਤ ਦਿਵਾਈ। ਭਾਰਤੀ ਮਹਿਲਾ ਟੀਮ ਭਲਕੇ ਬੁੱਧਵਾਰ ਨੂੰ ਗਰੁੱਪ ਗੇੜ ਦੇ ਆਖ਼ਰੀ ਮੈਚ ਵਿੱਚ ਕੋਰੀਆ ਨਾਲ ਭਿੜੇਗੀ। -ਪੀਟੀਆਈ