ਨਵੀਂ ਦਿੱਲੀ, 7 ਜੁਲਾਈਓਲੰਪਿਕ ਸੋਨ ਤਗਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦਾ ਦੋ ਵਾਰ ਹਿੱਸਾ ਰਹੇ ਕੇਸ਼ਵ ਦੱਤ ਦਾ ਅੱਜ ਦੇਹਾਂਤ ਹੋ ਗਿਆ। ਉਹ 95 ਸਾਲਾਂ ਦੇ ਸਨ।ਸਾਬਕਾ ਸੈਂਟਰ ਹਾਫਬੈਕ ਦੱਤ ਨੇ ਰਾਤ 12.30 ਵਜੇ ਕੋਲਕਾਤਾ ਦੇ ਸੰਤੋਸ਼ਪੁਰ ਸਥਿਤ ਆਪਣੀ ਰਿਹਾਇਸ਼ ‘ਤੇ ਆਖਰੀ ਸਾਹ ਲਿਆ। ਦੱਤ ਹਾਕੀ ਵਿੱਚ ਭਾਰਤ ਦੇ ਸੁਨਹਿਰੀ ਦੌਰ ਦਾ ਹਿੱਸਾ ਸਨ। ਉਹ 1948 ਦੇ ਓਲੰਪਿਕਸ ਵਿੱਚ ਭਾਰਤੀ ਟੀਮ ਦਾ ਹਿੱਸਾ ਸਨ, ਜਿੱਥੇ ਭਾਰਤ ਨੇ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਲੰਡਨ ਦੇ ਵੈਂਬਲੇ ਸਟੇਡੀਅਮ ਵਿੱਚ ਘਰੇਲੂ ਟੀਮ ਬ੍ਰਿਟੇਨ ਨੂੰ 4-0 ਨਾਲ ਹਰਾ ਕੇ ਹਾਕੀ ਵਿੱਚ ਸੋਨ ਤਮਗਾ ਜਿੱਤਿਆ ਸੀ। 29 ਦਸੰਬਰ 1925 ਨੂੰ ਲਾਹੌਰ ਵਿੱਚ ਜੰਮੇ ਦੱਤ 1952 ਦੇ ਹੈਲਸਿੰਕੀ ਓਲੰਪਿਕ ਵਿੱਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦਾ ਵੀ ਹਿੱਸਾ ਸਨ। ਭਾਰਤੀ ਟੀਮ ਨੇ ਇਨ੍ਹਾਂ ਖੇਡਾਂ ਦੇ ਫਾਈਨਲ ਵਿਚ ਇਕ ਪਾਸੜ ਮੈਚ ਵਿਚ ਨੀਦਰਲੈਂਡਜ਼ ਨੂੰ 6-1 ਨਾਲ ਹਰਾ ਕੇ ਲਗਾਤਾਰ ਪੰਜਵੀਂ ਵਾਰ ਓਲੰਪਿਕ ਦਾ ਖ਼ਿਤਾਬ ਜਿੱਤਿਆ।