ਨਵੀਂ ਦਿੱਲੀ, 8 ਸਤੰਬਰ
ਭਾਰਤ ਨੇ ਸੰਯੁਕਤ ਅਰਬ ਅਮੀਰਾਤ ਅਤੇ ਓਮਾਨ ਵਿੱਚ ਅਗਲੇ ਮਹੀਨੇ 17 ਅਕਤੂਬਰ ਤੋਂ 14 ਨਵੰਬਰ ਤੱਕ ਹੋਣ ਵਾਲੇ ਟੀ-20 ਵਿਸ਼ਵ ਕੱਪ ਮੁਕਾਬਲੇ ਲਈ ਪੰਜ ਸਪਿੰਨਰਾਂ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ ਜਿਨ੍ਹਾਂ ਦੀ ਅਗਵਾਈ ਰਵਿਚੰਦਰਨ ਅਸ਼ਿਵਨ ਕਰਨਗੇ। 34 ਵਰ੍ਹਿਆਂ ਦੇ ਅਸ਼ਿਵਨ ਨੇ ਸੀਮਤ ਓਵਰਾਂ ਵਾਲਾ ਆਪਣਾ ਆਖਰੀ ਕੌਮਾਤਰੀ ਮੈਚ 9 ਜੁਲਾਈ 2017 ਨੂੰ ਖੇਡਿਆ ਸੀ। ਇਸੇ ਦੌਰਾਨ ਯੁਜਵੇਂਦਰ ਚਾਹਲ ਤੇ ਕੁਲਦੀਪ ਯਾਦਵ ਨੂੰ ਟੀਮ ਵਿੱਚ ਥਾਂ ਨਹੀਂ ਮਿਲੀ ਹੈ। ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਨੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਟੀਮ ਦਾ ਮੈਂਟਰ ਨਿਯੁਕਤ ਕੀਤਾ ਹੈ। ਟੀਮ ਦੇ ਖਿਡਾਰੀਆਂ ਵਿੱਚ ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਕੇਐੱਲ ਰਾਹੁਲ, ਸੂਰਿਆ ਕੁਮਾਰ ਯਾਦਵ, ਰਿਸ਼ਭ ਪੰਤ (ਵਿਕਟਕੀਪਰ), ਇਸ਼ਾਨ ਕਿਸ਼ਨ (ਵਿਕਟਕੀਪਰ), ਹਾਰਦਿਕ ਪਾਂਡਿਆ, ਰਵਿੰਦਰ ਜਡੇਜਾ, ਰਾਹੁਲ ਚਾਹਰ, ਆਰ. ਅਸ਼ਿਵਨ, ਅਕਸ਼ਰ ਪਟੇਲ, ਵਰੁਣ ਚਕਰਵਰਤੀ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ ਤੇ ਮੁਹੰਮਦ ਸ਼ੱਮੀ ਸ਼ਾਮਲ ਹਨ। ਇਸੇ ਦੌਰਾਨ ਸਟੈਂਡਬਾਏ (ਵਾਧੂ) ਖਿਡਾਰੀਆਂ ਵਿੱਚ ਸ਼੍ਰੇਅਸ ਅਈਅਰ, ਸ਼੍ਰਦੁੱਲ ਠਾਕੁਰ ਤੇ ਦੀਪਕ ਚਾਹਰ ਸ਼ਾਮਲ ਹਨ। -ਪੀਟੀਆਈ