ਟੋਕੀਓ, 24 ਜੁਲਾਈਐਨ ਮੌਕੇ ’ਤੇ ਬਣਾਈ ਦੀਪਿਕਾ ਕੁਮਾਰੀ ਅਤੇ ਪ੍ਰਵੀਨ ਜਾਧਵ ਦੀ ਜੋੜੀ ਟੋਕੀਓ ਓਲੰਪਿਕਸ ਦੇ ਤੀਰਅੰਦਾਜ਼ੀ ਮੁਕਾਬਲੇ ਦੇ ਮਿਕਸਡ ਡਬਲਜ਼ ਮੁਕਾਬਲੇ ਦੇ ਕੁਆਰਟਰ ਫਾਈਨਲ ਵਿਚ ਕੋਰੀਆ ਤੋਂ ਹਾਰ ਕੇ ਤਗਮੇ ਦੀ ਦੌੜ ਵਿਚੋਂ ਬਾਹਰ ਹੋ ਗਈ। ਪਹਿਲੀ ਵਾਰ ਕੌਮਾਂਤਰੀ ਪੱਧਰ ‘ਤੇ ਇਕੱਠੇ ਖੇਡ ਰਹੇ ਜਾਧਵ ਅਤੇ ਦੀਪਿਕਾ ਨੂੰ ਕੋਰੀਆ ਨੇ 6- 2 ਨਾਲ ਹਰਾਇਆ। ਦੀਪਿਕਾ ਅੱਠ ਵਾਰੀਆਂ ਵਿਚੋਂ ਇਕ ਵਾਰ ਵੀ ਪੂਰੇ ਦਸ ਅੰਕ ਹਾਸਲ ਨਾ ਕਰ ਸਕੀ।
ਬੈਡਮਿੰਟਨ: ਭਾਰਤ ਦੇ ਬੀ. ਸਾਈ ਪ੍ਰਣੀਤ ਪੁਰਸ਼ ਸਿੰਗਲਜ਼ ਦੇ ਪਹਿਲੇ ਹੀ ਮੈਚ ਵਿੱਚ ਇਸਰਾਈਲ ਦੇ ਹੇਠਲੀ ਰੈਂਕਿੰਗ ਵਾਲੇ ਮੀਸ਼ਾ ਤੋਂ ਸਿੱਧੇ ਸੈੱਟਾਂ ਵਿੱਚ ਹਾਰ ਗਏ। ਵਿਸ਼ਵ ਚੈਂਪੀਅਨਸ਼ਿਪ 2019 ਦੇ ਕਾਂਸੀ ਦਾ ਤਗਾ ਜੇਤੂ 15 ਰੈਂਕਿੰਗ ਵਾਲੇ ਪ੍ਰਣੀਤ ਨੂੰ 47ਵੀਂ ਰੈਂਕਿੰਗ ਵਾਲੇ ਮੀਸ਼ਾ ਨੇ 41 ਮਿੰਟ ਵਿੱਚ 21-17, 21-15 ਨਾਲ ਹਰਾਇਆ।
ਟੇਬਲ ਟੈਨਿਸ: ਓਲੰਪਿਕਸ ਦੇ ਟੇਬਲ ਟੈਨਿਸ ਮੁਕਾਬਲੇ ਵਿੱਚ ਤਗਮਾ ਜਿੱਤਣ ਦੀਆਂ ਭਾਰਤੀ ਆਸਾਂ ’ਤੇ ਉਦੋਂ ਪਾਣੀ ਫਿਰ ਗਿਆ ਜਦੋਂ ਮਿਕਸਡ ਡਬਲਜ਼ ਵਿੱਚ ਅਜੰਤ ਸ਼ਰਤ ਤੇ ਮਨਿਕਾ ਬੱਤਰਾ ਆਖਰੀ 16 ਵਿੱਚ ਹਾਰ ਗਏ। ਭਾਰਤ ਦੀ ਇਸ ਜੋੜੀ ਨੂੰ ਤੀਜੇ ਨੰਬਰ ਦੀ ਚੀਨੀ ਤਾਇਪੇ ਦੀ ਲਿਨ ਯੁਨ ਜੂ ਤੇ ਚੇਂਗ ਆਈ ਚਿੰਗ ਦੀ ਜੋੜੀ ਨੇ 11-8, 11-6, 11-5, 11-4 ਨਾਲ ਹਰਾਇਆ।
ਜੂਡੋ: ਭਾਰਤੀ ਜੂਡੋ ਖਿਡਾਰੀ ਸੁਸ਼ੀਲਾ ਦੇਵੀ ਦੀ ਚੁਣੌਤੀ ਓਲੰਪਿਕਸ ਵਿੱਚ ਪਹਿਲੇ ਹੀ ਮੁਕਾਬਲੇ ਵਿੱਚ ਖ਼ਤਮ ਹੋ ਗਈ। ਉਹ 48 ਕਿਲੋਵਰਗ ਵਿੱਚ ਹੰਗਰੀ ਦੀ ਈਵਾ ਸੇਰਨੋਵਿਜ਼ਕੀ ਤੋਂ ਹਾਰ ਗਈ।