ਕੇਪ ਟਾਊਨ, 11 ਜਨਵਰੀ
ਭਾਰਤ ਦੀ ਕ੍ਰਿਕਟ ਟੀਮ ਅੱਜ ਇਥੇ ਮੇਜ਼ਬਾਨ ਦੱਖਣੀ ਅਫਰੀਕਾ ਖ਼ਿਲਾਫ਼ ਤੀਜੇ ਟੈਸਟ ਕ੍ਰਿਕਟ ਮੈਚ ਦੇ ਪਹਿਲੇ ਦਿਨ ਆਪਣੀ ਪਹਿਲੀ ਪਾਰੀ ਵਿੱਚ 223 ਦੌੜਾਂ ਬਣਾ ਕੇ ਆਊਟ ਹੋ ਗਈ। ਮਹਿਮਾਨ ਟੀਮ ਲਈ ਕਪਤਾਨ ਵਿਰਾਟ ਕੋਹਲੀ 79 ਦੌੜਾਂ ਦੀ ਪਾਰੀ ਖੇਡ ਕੇ ਟੌਪ ਸਕੋਰਰ ਰਿਹਾ। ਕੋਹਲੀ ਨੇ 201 ਗੇਂਦਾਂ ਖੇਡੀਆਂ। ਹੋਰਨਾਂ ਬੱਲੇਬਾਜ਼ਾਂ ’ਚੋਂ ਚੇਤੇਸ਼ਵਰ ਪੁਜਾਰਾ ਨੇ 77 ਗੇਂਦਾਂ ’ਤੇ 43 ਦੌੜਾਂ ਬਣਾਈਆਂ। ਪਿੱਠ ਦੀ ਸੱਟ ਕਰਕੇ ਜੌਹੈੱਨਸਬਰਗ ਵਿੱਚ ਖੇਡੇ ਦੂਜੇ ਟੈਸਟ ਲਈ ਟੀਮ ’ਚੋਂ ਬਾਹਰ ਰਹੇ ਕਪਤਾਨ ਵਿਰਾਟ ਕੋਹਲੀ ਤੋਂ ਉਮੀਦ ਸੀ ਕਿ ਉਹ ਟੈਸਟ ਕ੍ਰਿਕਟ ਵਿੱਚ ਪਿਛਲੇ ਦੋ ਸਾਲਾਂ ਤੋਂ ਟੈਸਟ ਸੈਂਕੜਾ ਨਾ ਜੜ ਸਕਣ ਦੇ ਆਪਣੇ ਸੋਕੇ ਨੂੰ ਖ਼ਤਮ ਕਰੇਗਾ, ਪਰ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕਾਗਿਸੋ ਰਬਾਡਾ ਨੇ ਇਸ ਆਸ ’ਤੇ ਪਾਣੀ ਫੇਰ ਦਿੱਤਾ। ਦੱਖਣੀ ਅਫ਼ਰੀਕਾ ਲਈ ਰਬਾਡਾ ਤੇ ਮਾਰਕੋ ਜਾਨਸਨ ਨੇ ਤਿੰਨ ਤਿੰਨ ਵਿਕਟਾਂ ਲਈਆਂ। ਦਿਨ ਦੀ ਖੇਡ ਖ਼ਤਮ ਹੋਣ ਮੌਕੇ ਮੇਜ਼ਬਾਨ ਟੀਮ ਨੇ ਆਪਣੀ ਪਹਿਲੀ ਪਾਰੀ ’ਚ ਇਕ ਵਿਕਟ ਦੇ ਨੁਕਸਾਨ ਨਾਲ 17 ਦੌੜਾਂ ਬਣਾ ਲਈਆਂ ਸਨ। -ਪੀਟੀਆਈ