ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 6 ਅਗਸਤ
ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਦੇ ਪਿਤਾ ਰਾਮਪਾਲ ਨੇ ਕਿਹਾ ਕਿ ਕਾਂਸੀ ਦੇ ਤਗ਼ਮੇ ਲਈ ਅੱਜ ਬੇਟੀਆਂ ਨੇ ਜੋ ਖੇਡ ਵਿਖਾਈ ਹੈ, ਉਹ ਲਾਜਵਾਬ ਹੈ। ਲਿਹਾਜ਼ਾ ਇਸ ਨੂੰ ਹਾਰ ਨਹੀਂ ਬਲਕਿ ਬੇਟੀਆਂ ਦੀ ਜਿੱਤ ਕਹਾਂਗੇ। ਓਲੰਪਿਕ ਵਿਚ ਹਾਕੀ ਸੈਮੀ-ਫਾਈਨਲ ਤੱਕ ਦਾ ਸਫ਼ਰ ਬੇਟੀਆਂ ਦੇ ਸੰਘਰਸ਼ ਦੀ ਦਾਸਤਾਨ ਹੈ। ਇਹ ਸਫ਼ਰ ਨਵੇਂ ਖਿਡਾਰੀਆਂ ਨੂੰ ਪ੍ਰੇਰਣਾ ਦੇਣ ਦਾ ਕੰਮ ਕਰੇਗਾ ਤੇ ਨਵੇਂ ਖਿਡਾਰੀ ਵੀ ਇਤਿਹਾਸ ਰਚਣ ਦਾ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਸ਼ਾਹਬਾਦ ਦੀਆਂ ਤਿੰਨ ਖਿਡਾਰਨਾਂ ਰਾਣੀ ਰਾਮਪਾਲ, ਨਵਜੋਤ ਤੇ ਨਵਨੀਤ ਦਾ ਸ਼ਾਹਬਾਦ ਪੁੱਜਣ ’ਤੇ ਸੋਨ ਤਗ਼ਮਾ ਜੇਤੂਆਂ ਵਾਂਗ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਟੋਕੀਓ ਓਲੰਪਿਕ ਵਿੱਚ ਭਾਰਤੀ ਪੁਰਸ਼ ਤੇ ਮਹਿਲਾ ਹਾਕੀ ਟੀਮਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋੋਂ ਸਾਫ਼ ਹੈ ਕਿ ਦੇਸ਼ ਵਿੱਚ ਹਾਕੀ ਦਾ ਸੁਨਹਿਰੀ ਯੁੱਗ ਮੁੜ ਸ਼ੁਰੂ ਹੋ ਚੁੱਕਾ ਹੈ।
ਖਿਡਾਰਨ ਨਵਜੋਤ ਦੇ ਪਿਤਾ ਸਤਨਾਮ ਸਿੰਘ ਤੇ ਨਵਨੀਤ ਦੇ ਪਿਤਾ ਬੂਟਾ ਸਿੰਘ ਨੇ ਵੀ ਮਹਿਲਾ ਹਾਕੀ ਟੀਮ ਦੀ ਖੇਡ ਦੀ ਰੱਜ ਕੇ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਖਿਡਾਰਨਾਂ ਨੇ ਇਸ ਮੈਚ ਵਿਚ ਆਪਣਾ ਪਸੀਨਾ ਵਹਾਇਆ ਹੈ, ਉਸ ਦੀ ਤਾਰੀਫ਼ ਕਰਨੀ ਬਣਦੀ ਹੈ। ਰਾਮਪਾਲ ਨੇ ਦੱਸਿਆ ਕਿ ਉਹ ਅੱਜ ਮੈਚ ਦੇਖਣ ਲਈ ਸਵੇਰੇ 5 ਵਜੇ ਹੀ ਉਠ ਗਿਆ ਸੀ। ਪਰਿਵਾਰ ਨੇ ਘਰ ਵਿਚ ਹੀ ਬਣੇ ਮੰਦਿਰ ਵਿਚ ਮੱਥਾ ਟੇਕਿਆ ਤੇ ਟੀਮ ਦੇ ਵਧੀਆ ਪ੍ਰਦਰਸ਼ਨ ਦੀ ਕਾਮਨਾ ਕੀਤੀ। ਰਾਮਪਾਲ ਨੇ ਕਿਹਾ ਕਿ ਉਹ ਦਿਲ ਦਾ ਮਰੀਜ਼ ਹੈ। ਮੈਚ ਦੇ ਸ਼ੁਰੂਆਤੀ ਦੌਰ ਵਿਚ ਜਦੋਂ ਭਾਰਤੀ ਟੀਮ ਨੇ ਦੋ ਗੋਲ ਕੀਤੇ ਤਾਂ ਦਿਲ ਦੀ ਧੜਕਣ ਵਧਦੀ ਘਟਦੀ ਰਹੀ, ਪਰ ਫਿਰ ਵੀ ਪੂਰਾ ਮੈਚ ਦੇਖਿਆ। ਮੈਚ ਇੰਨਾ ਰੋਮਾਂਚਕ ਸੀ ਕਿ ਉਹ ਇਕ ਪਲ ਵੀ ਟੀਵੀ ਸਕਰੀਨ ਤੋਂ ਦੂਰ ਨਹੀਂ ਹੋਏ। ਉਨ੍ਹਾਂ ਕਿਹਾ ਕਿ ਰਾਣੀ ਨੇ ਜਦੋਂ ਹਾਕੀ ਦੀ ਸ਼ੁਰੂਆਤ ਕੀਤੀ ਤਾਂ ਉਨ੍ਹਾਂ ਨੂੰ ਬਹੁਤ ਕੁਝ ਸੁਣਨਾ ਪਿਆ।