ਹਤਿੰਦਰ ਮਹਿਤਾ
ਆਦਮਪੁਰ ਦੋਆਬਾ (ਜਲੰਧਰ), 1 ਅਕਤੂਬਰ
ਚੰਗੇ ਹੁਨਰ ਅਤੇ ਬਿਹਤਰ ਤਾਲਮੇਲ ਦਾ ਪ੍ਰਦਰਸ਼ਨ ਕਰਦਿਆਂ ਆਰਜੀਐੱਸ ਏਕਨੂਰ ਹਾਕੀ ਅਕੈਡਮੀ, ਤੇਹਿੰਗ ਨੇ ਪਹਿਲੀ ਰਾਊਂਡਗਲਾਸ ਸਪੋਰਟਸ ਇੰਟਰ ਡਿਵੈਲਪਮੈਂਟ ਸੈਂਟਰਜ਼ ਹਾਕੀ ਲੀਗ (16 ਸਾਲ ਤੋਂ ਘੱਟ ਉਮਰ ਵਰਗ) ਦੇ ਉਦਘਾਟਨੀ ਮੈਚ ਵਿੱਚ ਆਰਜੀਐੱਸ ਗੋਬਿੰਦ ਸਪੋਰਟਸ ਹਾਕੀ ਅਕੈਡਮੀ, ਕੁੱਕੜ ਪਿੰਡ ਨੂੰ ਹਰਾਇਆ। ਪੁਲ-ਏ ਦੇ ਹੀ ਦੂਜੇ ਮੈਚ ਵਿਚ ਆਰਜੀਐੱਸ ਜੀਟੀਬੀ ਹਾਕੀ ਅਕੈਡਮੀ, ਬਾਬਾ ਬਕਾਲਾ ਨੇ ਆਰਜੀਐੱਸ ਗੁਰੂ ਤੇਗ ਬਹਾਦੁਰ ਹਾਕੀ ਅਕੈਡਮੀ, ਚੱਚਰੇੜ੍ਹੀ ਨੂੰ 4-1 ਨਾਲ ਹਰਾਇਆ। ਤੀਜੇ ਮੈਚ ਵਿੱਚ ਪੁਲ-ਬੀ ਦੀ ਆਰਜੀਐੱਸ ਬਾਬਾ ਪੱਲ੍ਹਾ ਸਪੋਰਟਸ ਕਲੱਬ ਹਾਕੀ ਅਕੈਡਮੀ, ਬੁਤਾਲਾ ਨੇ ਆਰ.ਜੀ.ਐੱਸ. ਧੰਨੋਵਾਲੀ ਹਾਕੀ ਅਕੈਡਮੀ ਨੂੰ 3-0 ਨਾਲ ਹਰਾਇਆ। ਇਸ ਤੋਂ ਪਹਿਲਾਂ ਮਾਸਕੋ ਓਲੰਪਿਕ ਦੇ ਸੋਨ ਤਗਮਾ ਜੇਤੂ ਓਲੰਪੀਅਨ ਸੁਰਿੰਦਰ ਸਿੰਘ ਸੋਢੀ, ਆਈਪੀਐੱਸ (ਸੇਵਾਮੁਕਤ) ਨੇ ਲੀਗ ਦਾ ਉਦਘਾਟਨ ਕੀਤਾ। ਇਸ ਮੌਕੇ ਓਲੰਪੀਅਨ ਰਾਜਿੰਦਰ ਸਿੰਘ, ਦਰੋਣਾਚਾਰੀਆ ਐਵਰਡੀ ਅਤੇ ਮੁੱਖ ਕੋਚ ਹਾਕੀ ਪੰਜਾਬ ਇਕਬਾਲ ਸਿੰਘ ਸੰਧੂ, ਸੀਈਓ ਸੁਰਜੀਤ ਹਾਕੀ ਅਕੈਡਮੀ, ਓਲੰਪੀਅਨ ਰਾਜਿੰਦਰ ਸਿੰਘ (ਸੀਨੀਅਰ), ਸੁਰਿੰਦਰ ਸਿੰਘ ਭਾਪਾ, ਓਲੰਪੀਅਨ ਦਿਲਪ੍ਰੀਤ ਸਿੰਘ, ਓਲੰਪੀਅਨ ਸਮਸ਼ੇਰ ਸਿੰਘ ਹਾਜ਼ਰ ਸਨ।