ਬਰਮਿੰਘਮ, 31 ਜੁਲਾਈ
ਸਾਬਕਾ ਚੈਂਪੀਅਨ ਭਾਰਤ ਨੇ ਅੱਜ ਇੱਥੇ ਕੁਆਰਟਰ ਫਾਈਨਲ ਵਿਚ ਬੰਗਲਾਦੇਸ਼ ਨੂੰ 3-0 ਨਾਲ ਹਰਾ ਕੇ ਰਾਸ਼ਟਰਮੰਡਲ ਖੇਡਾਂ ਦੇ ਪੁਰਸ਼ ਟੇਬਲ ਟੈਨਿਸ ਟੀਮ ਮੁਕਾਬਲੇ ਦੇ ਸੈਮੀਫਾਈਨਲ ਵਿਚ ਥਾਂ ਬਣਾ ਲਈ ਹੈ। ਅਚੰਤਾ ਸ਼ਰਤ ਕਮਲ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਗਰੁੱਪ ਗੇੜ ਵਿਚ ਬਾਰਬਾਡੋਸ, ਸਿੰਗਾਪੁਰ ਤੇ ਉੱਤਰੀ ਆਇਰਲੈਂਡ ਨੂੰ 3-0 ਦੇ ਫ਼ਰਕ ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਦਾਖਲਾ ਹਾਸਲ ਕੀਤਾ। ਕੁਆਰਟਰ ਫਾਈਨਲ ਵਿਚ ਸਭ ਤੋਂ ਪਹਿਲਾਂ ਉਤਰੀ ਹਰਮੀਤ ਦੇਸਾਈ ਤੇ ਜੀ. ਸਾਥਿਆਨ ਦੀ ਜੋੜੀ ਨੇ ਪੁਰਸ਼ ਡਬਲਜ਼ ਵਿਚ ਬੰਗਲਾਦੇਸ਼ ਦੇ ਰਾਮਹਿਮਿਲਿਆਨ ਬਾਊਮ ਤੇ ਮੋਹੁਤਾਸਿਨ ਅਹਿਮਦ ਰਿਦਾਏ ਨੂੰ ਸਿੱਧੇ ਗੇਮ ਵਿਚ 11-8, 11-6, 11-2 ਨਾਲ ਹਰਾ ਕੇ ਭਾਰਤ ਨੂੰ 1-0 ਦੀ ਲੀਡ ਦਿਵਾਈ। ਤਜਰਬੇਕਾਰ ਸ਼ਰਤ ਕਮਲ ਨੇ ਇਸ ਤੋਂ ਬਾਅਦ ਸਿੰਗਲਜ਼ ਮੁਕਾਬਲੇ ਵਿਚ ਮੁਹੰਮਦ ਰਿਫਾਤ ਸਬਿਾਰ ਨੂੰ 11-4, 11-7, 11-2 ਨਾਲ ਹਰਾ ਕੇ ਭਾਰਤ ਦੀ ਲੀਡ ਨੂੰ ਦੁੱਗਣਾ ਕੀਤਾ। ਇਕ ਹੋਰ ਸਿੰਗਲਜ਼ ਮੈਚ ਵਿਚ ਸਾਥਿਆਨ ਨੇ 11-2, 11-3, 11-5 ਨਾਲ ਜਿੱਤ ਦਰਜ ਕਰਦਿਆਂ ਭਾਰਤ ਨੂੰ ਸੈਮੀਫਾਈਨਲ ਵਿਚ ਪਹੁੰਚਾ ਦਿੱਤਾ। -ਪੀਟੀਆਈ