ਬਰਮਿੰਘਮ: ਰਾਸ਼ਟਰਮੰਡਲ ਖੇਡਾਂ ਵਿਚ ਪਹਿਲਾ ਸੋਨ ਤਗਮਾ ਜਿੱਤਣ ਦੀ ਕਵਾਇਦ ਵਿਚ ਜੁਟੀ ਭਾਰਤੀ ਪੁਰਸ਼ ਹਾਕੀ ਟੀਮ ਭਲਕੇ ਇੱਥੇ ਘਾਨਾ ਦੀ ਕਮਜ਼ੋਰ ਟੀਮ ਵਿਰੁੱਧ ਪੂਲ ਬੀ ਦੇ ਆਪਣੇ ਪਹਿਲੇ ਮੈਚ ਵਿਚ ਜਿੱਤ ਦੇ ਨਾਲ ਮੁਹਿੰਮ ਦਾ ਸ਼ਾਨਦਾਰ ਆਗਾਜ਼ ਕਰਨ ਦੇ ਇਰਾਦੇ ਨਾਲ ਉਤਰੇਗੀ। ਟੋਕੀਓ ਉਲੰਪਿਕ ਵਿਚ 41 ਸਾਲ ਬਾਅਦ ਕਾਂਸੀ ਦਾ ਤਗਮਾ ਜਿੱਤ ਕੇ ਆਤਮ ਵਿਸ਼ਵਾਸ ਨਾਲ ਭਰੀ ਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਇਨ੍ਹਾਂ ਖੇਡਾਂ ਵਿਚ ਆਸਟਰੇਲੀਆ ਦੀ ਖ਼ਿਤਾਬੀ ਮੁਹਿੰਮ ਨੂੰ ਰੋਕਣ ਦੀ ਉਮੀਦ ਜਗਾਈ ਹੈ। ਇਨ੍ਹਾਂ ਖੇਡਾਂ ਦੇ ਪੁਰਸ਼ ਹਾਕੀ ਮੁਕਾਬਲੇ ਵਿਚ ਆਸਟਰੇਲੀਆ ਦਾ ਦਬਦਬਾ ਰਿਹਾ ਹੈ ਤੇ ਦੁਨੀਆ ਦੀ ਨੰਬਰ ਇਕ ਟੀਮ ਨੇ ਹੁਣ ਤੱਕ ਸਾਰੇ ਛੇ ਟੂਰਨਾਮੈਂਟਾਂ ਵਿਚ ਸੋਨ ਤਗਮੇ ਜਿੱਤੇ ਹਨ। -ਪੀਟੀਆਈ