ਨਰਿੰਦਰ ਸਿੰਘ
ਚੰਡੀਗੜ੍ਹ: ਓਲੰਪਿਕਸ ’ਚ ਦੇਸ਼ ਦੀ ਤੀਰਅੰਦਾਜ਼ੀ ਨਾ ਚੱਲੀ ਨਾ ਨਿਸ਼ਾਨੇਬਾਜ਼ੀ ਤੇ ਨਾ ਮੁੱਕੇਬਾਜ਼ੀ ਪਰ ਬਹਾਨੇਬਾਜ਼ੀ ਦੀ ਖੇਡ ਸ਼ੁਰੂ ਹੋ ਗਈ। ਖੇਡਾਂ ਵਿੱਚ ਦੇਸ਼ ਨੂੰ ਇਕ ਤਗਮੇ ਦੀ ਆਸ ਹੈ ਤੇ ਬਾਕੀਆਂ ਦੀ ਮੁੱਕੇਬਾਜ਼ੀ ਵਿਰੋਧੀਆਂ ਦੇ ਪੰਚਾਂ ਨਾਲ ਸ਼ਰਮਿੰਦਾ ਹੋ ਚੁੱਕੀ ਹੈ। ਇਸ ਬਾਰੇ ਅੱਜ ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ ਉੱਚ ਅਹੁਦੇਦਾਰ ਦਾ ਕਹਿਣਾ ਕਿ ਹੁਣ ਉਹ ਭਾਰਤੀ ਮੁੱਕੇਬਾਜ਼ਾਂ ਨੂੰ ਓਲੰਪਿਕਸ ਵਰਗੀਆਂ ਉੱਚ ਦਬਾਅ ਵਾਲੀਆਂ ਖੇਡਾਂ ਲਈ ਮਾਨਸਿਕ ਤੌਰ ’ਤੇ ਤਿਆਰ ਕਰਨ ਵੱਲ ਧਿਆਨ ਕੇਂਦਰਿਤ ਕਰਨਗੇ। ਸ੍ਰੀਮਾਨ ਜੀ, ਮੁੱਕੇਬਾਜ਼ ਤਾਂ ਬਣਦਾ ਹੀ ਮਾਨਸਿਕ ਤੌਰ ’ਤੇ ਮਜ਼ਬੂਤ ਬੰਦਾ ਹੀ ਹੈ। ਹਾਂ! ਫੈਡਰੇਸ਼ਨ ਵਿੱਚ ਬੈਠੇ ‘ਮਹਾਰਥੀਆਂ’ ਨੇ ਆਪਣੇ ਆਪ ਦਾ ਬਚਾਅ ਕਰਨ ਲਈ ਰਾਹ ਜ਼ਰੂਰ ਕੱਢ ਲਏ। ਓਲੰਪਿਕਸ ਵਿੱਚ ਕੋਈ ਖਿਡਾਰੀ ਸਿਰਫ਼ ਇਕ ਦਿਨ ਖੇਡ ਸਿੱਖ ਕੇ ਨਹੀਂ ਪੁੱਜਦਾ। ਉਸ ਪਿੱਛੇ ਸਖ਼ਤ ਮਿਹਨਤ ਤੇ ਬੇਅੰਤ ਮੁਕਾਬਲੇ ਹੁੰਦੇ ਹਨ। ਜੇ ਐਨਾ ਕੁੱਝ ਕਰਕੇ ਵੀ ਖਿਡਾਰੀ ਮਾਨਸਿਕ ਤੌਰ ’ਤੇ ਮਜ਼ਬੂਤ ਨਹੀਂ ਹੋਇਆ ਤਾਂ ਉਸ ਨੂੰ ਖੇਡਣ ਦਾ ਹੱਕ ਨਹੀਂ। ਟੋਕੀਓ ਓਲੰਪਿਕਸ ’ਚ ਦੇਸ਼ ਦੀ ਝੰਡਾਬਰਦਾਰ ਮੈਰੀਕੌਮ ਨੇ ਵੀ ਚੰਗੀ ਗੱਲ ਕਹੀ ਕਿ ਐਨ ਮੌਕੇ ’ਤੇ ਕਿੱਟ ਬਦਲਣ ਲਈ ਆਖਣ ਕਾਰਨ ਉਸ ਦੇ ਪ੍ਰਦਰਸ਼ਨ ’ਤੇ ਮਾੜਾ ਅਸਰ ਪਿਆ। ਬੜੀ ਹੈਰਾਨੀ ਦੀ ਗੱਲ ਹੈ ਕਿ ਅਜਿਹਾ ਕਰਨ ਨਾਲ ਕੀ ਉਹ ਮੁੱਕੇਬਾਜ਼ੀ ਭੁੱਲ ਗਈ? ਚੇਤੇ ਕਰੋ ਹਾਕੀ ਜਾਦੂਗਰ ਧਿਆਨ ਚੰਦ ਨੂੰ, ਜਿਨ੍ਹਾਂ ਦੀਆਂ ਮੈਚ ਵਿਚ ਖੇਡਦਿਆਂ ਵਿਰੋਧੀ ਟੀਮ ਵਾਲੇ ਹਾਕੀਆਂ ਵਾਰ-ਵਾਰ ਬਦਲਵਾ ਦਿੰਦੇ ਸਨ। ਜੇ ਉਹ ਅਜਿਹੀਆਂ ਹਰਕਤਾਂ ਨਾਲ ਮਾਨਸਿਕ ਦਬਾਅ ਵਿੱਚ ਆਏ ਰਹਿੰਦੇ ਤਾਂ ਭਾਰਤ ਦੇ ਪੱਲੇ ਓਲੰਪਿਕਸ ਵਿੱਚ ਸੋਨ ਤਗਮੇ ਨਹੀਂ ਸੀ ਪੈਣੇ। ਮਹਾਨ ਸਚਿਨ ਤੇਂਦੁਲਕਰ ਬਾਰੇ ਵੀ ਕਿਹਾ ਜਾਂਦਾ ਰਿਹਾ ਹੈ ਕਿ ਉਹ ਨਰਵ 90 ਦਾ ਸ਼ਿਕਾਰ ਹੈ। ਜੇ ਇੱਦਾਂ ਹੁੰਦਾ ਤਾਂ ਉਸ ਦਾ ਸੈਂਕੜਿਆਂ ਦਾ ਰਿਕਾਰਡ ਨਾ ਬਣਦਾ। ਮਿਲਖਾ ਸਿੰਘ ਵੀ ਜਿਹੜੀਆਂ ਕਮੀਆ ਤੁਰਸ਼ੀਆਂ ਨਾਲ ਸਟਾਰ ਬਣਿਆ ਜੇ ਉਹ ਵੀ ਬਹਾਨੇ ਮਾਰਦਾ ਤਾਂ ਉਸ ਨੂੰ ਉੱਡਣਾ ਸਿੱਖ ਕਿਸ ਨੇ ਆਖਣਾ ਸੀ। ਓਲੰਪਿਕਸ ਵਿੱਚੋਂ ਜਿਹੜੇ ਵੀ ਤਗਮੇ ਨਹੀਂ ਜਿੱਤ ਸਕਣਗੇ ਉਹ ਆਪਣੇ ਨਾਲ ਬਹਾਨੇ ਜ਼ਰੂਰ ਲਿਆਉਣਗੇ ਤੇ ਘੱਟ ਨੰਬਰ ਲੈ ਕੇ ਪਾਸ ਹੋਏ ਬੱਚੇ ਵਾਂਗ ਕਹਿਣਗੇ ਕਿ ਅਗਲੀ ਵਾਰ ਹੋ ਮਿਹਨਤ ਕਰਕੇ ਟੌਪਰ ਬਣਾਂਗੇ। ਲੋੜ ਆਪਣੀ ਪੀੜੀ ਹੇਠ ਸੋਟਾ ਫੇਰਨ ਦੀ ਹੈ। ਹਰ ਵਾਰ ਤੇ ਵਾਰ ਵਾਰ ਕੁੱਝ ਇਕ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ’ਤੇ ਖਿਡਾਉਣ ਦੀਆਂ ਤਰਕੀਬਾਂ ਛੱਡ ਕੇ ਨਵਿਆਂ ਨੂੰ ਮੌਕਾ ਦੇਣ ਤੇ ਨਵੀਆਂ ਤਕਨੀਕਾਂ ਲਿਆਉਣ ਬਾਰੇ ਸੋਚਣ ਦਾ ਵੇਲਾ ਹੈ ਨਾ ਕਿ ਨਵੇਂ ਬਹਾਨੇ ਘੜਨ ਬਾਰੇ ਸੋਚਣ ਦਾ।