ਜਲੰਧਰ: ਸਥਾਨਕ ਸੁਰਜੀਤ ਹਾਕੀ ਸਟੇਡੀਅਮ ਵਿੱਚ ਹਾਕੀ ਦੇ ਗੁਰ ਸਿਖਾਉਣ ਲਈ ਭਾਰਤੀ ਹਾਕੀ ਟੀਮ ਦਾ ਕਪਤਾਨ ਮਨਪ੍ਰੀਤ ਸਿੰਘ ਅੱਜ ਖਿਡਾਰੀਆਂ ਦੇ ਰੂਬਰੂ ਹੋਇਆ। ਖਿਡਾਰੀਆਂ ਨੂੰ ਸਖਤ ਮਿਹਨਤ ਕਰਨ ਦਾ ਗੁਰਮੰਤਰ ਦੱਸਦਿਆਂ ਮਨਪ੍ਰੀਤ ਨੇ ਕਿਹਾ ਕਿ ਜਨੂੰਨੀ ਹੋ ਕੇ ਕੀਤੀ ਮਿਹਨਤ ਹੀ ਰੰਗ ਲਿਆਉਂਦੀ ਹੈ। ਆਪਣੇ ਤਜਰਬੇ ਸਾਂਝੇ ਕਰਦਿਆਂ ਉਸ ਨੇ ਕਿਹਾ ਕਿ ਉਹ ਵੀ 2005 ਵਿੱਚ ਸੁਰਜੀਤ ਹਾਕੀ ਅਕੈਡਮੀ ਵਿੱਚ ਸ਼ਾਮਲ ਹੋਇਆ ਸੀ ਅਤੇ ਇਸ ਮੈਦਾਨ ’ਤੇ ਕੀਤੀ ਸਖਤ ਮਿਹਨਤ ਸਦਕਾ ਹੀ ਉਸ ਨੇ ਭਾਰਤੀ ਟੀਮ ਦਾ ਕਪਤਾਨ ਬਣਨ ਤਕ ਦਾ ਸਫ਼ਰ ਤੈਅ ਕੀਤਾ ਹੈ। ਇਸ ਮੌਕੇ ਉਸ ਨਾਲ ਭਾਰਤੀ ਹਾਕੀ ਟੀਮ ਦਾ ਖਿਡਾਰੀ ਜਸਕਰਨ ਸਿੰਘ ਵੀ ਸੀ। ਉਨ੍ਹਾਂ ਖਿਡਾਰੀਆਂ ਨੂੰ 31 ਹਾਕੀਆਂ ਤੇ 100 ਗੇਦਾਂ ਵੀ ਵੰਡੀਆਂ। -ਨਿੱਜੀ ਪੱਤਰ ਪ੍ਰੇਰਕ