ਨਵੀਂ ਦਿੱਲੀ: ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਨੇ ਕਰੋਨਾ ਦੇ ਮੱਦੇਨਜ਼ਰ ਦੇਸ਼ ਦੀਆ ਵੱਖ-ਵੱਖ ਸਿਹਤ ਸੰਸਥਾਵਾਂ ਨੂੰ 10 ਲਿਟਰ ਸਮਰੱਥਾ ਵਾਲੇ ਦੋ ਹਜ਼ਾਰ ਕੰਸਨਟਰੇਟਰ ਦੇਣ ਦਾ ਐਲਾਨ ਕੀਤਾ ਹੈ। ਬੀਸੀਸੀਆਈ ਨੇ ਬਿਆਨ ਜਾਰੀ ਕਰਦਿਆਂ ਕਿਹਾ, ‘‘ਭਾਰਤੀ ਕ੍ਰਿਕਟ ਬੋਰਡ ਐਲਾਨ ਕਰਦਾ ਹੈ ਕਿ ਉਹ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ 10 ਲਿਟਰ ਸਮਰੱਥਾ ਦੇ ਦੋ ਹਜ਼ਾਰ ਕੰਸਨਟਰੇਟਰਾਂ ਦਾ ਯੋਗਦਾਨ ਪਾਵੇਗਾ।’’ ਉਨ੍ਹਾਂ ਕਿਹਾ, ‘‘ਦੇਸ਼ ਨੂੰ ਕਰੋਨਾ ਦੀ ਦੂਜੀ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨਾਲ ਆਕਸੀਜਨ ਆਦਿ ਦੀ ਮੰਗ ਕਾਫੀ ਵੱਧ ਗਈ ਹੈ।’’ ਚੇਅਰਮੈਨ ਸੌਰਵ ਗਾਂਗੁਲੀ ਤੇ ਸਕੱਤਰ ਜੈ ਸ਼ਾਹ ਨੇ ਕਿਹਾ, ‘‘ਬੀਸੀਸੀਆਈ ਸੰਕਟ ਦੇ ਸਮੇਂ ਦੌਰਾਨ ਸਿਹਤ ਸਹੂਲਤਾਂ ਦੀ ਜ਼ਰੂਰਤ ਸਮਝਦਾ ਹੈ ਅਤੇ ਉਮੀਦ ਕਰਦਾ ਹੈ ਕਿ ਇਸ ਕੋਸ਼ਿਸ਼ ਨਾਲ ਦੇਸ਼ ਭਰ ਵਿੱਚ ਮੰਗ ਅਤੇ ਪੂਰਤੀ ਵਿਚਾਲੇ ਅੰਤਰ ਘਟੇਗਾ।’’ -ਪੀਟੀਆਈ