ਬੈਂਕਾਕ: ਟੋਕੀਓ ਓਲੰਪਿਕ ਵਿੱਚ ਤਗ਼ਮੇ ਦੇ ਦਾਅਵੇਦਾਰ ਸਾਤਵਿਕ ਸਾਈਰਾਜ ਰੈਂਕੀਰੈੱਡੀ ਅਤੇ ਚਿਰਾਗ ਸ਼ੈਟੀ ਦੀ ਜੋੜੀ ਟੋਇਟਾ ਥਾਈਲੈਂਡ ਓਪਨ ਸੁਪਰ 1000 ਬੈਡਮਿੰਟਨ ਟੂਰਨਾਮੈਂਟ ਵਿੱਚ ਵਧੀਆ ਪ੍ਰਦਰਸ਼ਨ ਕਰਨ ਦੇ ਬਾਵਜੂਦ ਸੈਮੀਫਾਈਨਲ ਵਿੱਚ ਹਾਰ ਗਈ। ਵਿਸ਼ਵ ਦੀ ਦਸਵੇਂ ਨੰਬਰ ਦੀ ਜੋੜੀ ਨੂੰ ਨੌਵੇਂ ਨੰਬਰ ਦੀ ਮਲੇਸ਼ਿਆਈ ਜੋੜੀ ਆਰੋਨ ਚਿਆ ਅਤੇ ਸੋ ਵੂਡ ਜਿਕ ਨੇ 35 ਮਿੰਟ ਵਿੱਚ 21-18, 21-18 ਨਾਲ ਹਰਾਇਆ। ਭਾਰਤੀ ਜੋੜੀ ਸ਼ੁਰੂਆਤ ਵਿੱਚ 4-2 ਨਾਲ ਅੱਗੇ ਸੀ ਪਰ ਮਲੇਸ਼ਿਆਈ ਜੋੜੀ ਨੇ ਵਾਪਸੀ ਕਰਦੇ ਹੋਏ ਬਰੇਕ ਤੱਕ ਲੀਡ 11-10 ਕਰ ਦਿੱਤੀ। ਮਲੇਸ਼ਿਆਈ ਜੋੜੀ ਨੇ ਲਗਾਤਾਰ ਚਾਰ ਅੰਕ ਲੈ ਕੇ ਪਹਿਲੀ ਗੇਮ ਜਿੱਤ ਲਈ। ਦੂਜੀ ਗੇਮ ਵਿੱਚ ਭਾਰਤੀ ਜੋੜੀ ਦੀ ਸ਼ੁਰੂਆਤ ਚੰਗੀ ਰਹੀ ਪਰ ਫੇਰ ਲਗਾਤਾਰ ਚਾਰ ਅੰਕ ਗਵਾ ਦਿੱਤੇ। ਸਾਤਵਿਕ ਸਾਈਰਾਜ ਰੰਕੀਰੈਡੀ ਅਤੇ ਅਸ਼ਵਨੀ ਪੋਨੱਪਾ ਦੀ ਭਾਰਤੀ ਜੋੜੀ ਵੀ ਟੋਇਟਾ ਥਾਈਲੈਂਡ ਬੈਡਮਿੰਟਨ ਓਪਨ ਸੁਪਰ 1000 ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਹਾਰ ਕੇ ਮੁਕਾਬਲੇ ਵਿੱਚੋਂ ਬਾਹਰ ਹੋ ਗਈ। -ਪੀਟੀਆਈ
ਭਾਰਤੀ ਮਹਿਲਾ ਹਾਕੀ ਟੀਮ ਹਾਰੀ
ਬਿਊਨਸ ਆਇਰਸ: ਭਾਰਤੀ ਮਹਿਲਾ ਹਾਕੀ ਟੀਮ ਨੂੰ ਅਰਜਨਟੀਨਾ ਦੌਰੇ ਦੌਰਾਨ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨੂੰ ਮੇਜ਼ਬਾਨ ਬੀ ਟੀਮ ਨੇ 2-1 ਨਾਲ ਹਰਾਇਆ। ਅਰਜਨਟੀਨਾ ਲਈ ਸੋਲ ਪਾਗੇਲਾ ਨੇ 11ਵੇਂ ਮਿੰਟ ਵਿੱਚ ਗੋਲ ਕੀਤਾ ਜਦੋਂਕਿ ਭਾਰਤੀ ਫਾਰਵਡ ਸਲੀਮ ਟੇਟੇ ਨੇ 54ਵੇਂ ਮਿੰਟ ਵਿੱਚ ਗੋਲ ਕੀਤਾ। ਇਸ ਦੇ ਤਿੰਨ ਮਿੰਟ ਬਾਅਦ ਗਾਸਿਟਨਾ ਗੋਜੇਲਾਨੀ ਨੇ ਅਰਜਨਟੀਨਾ ਲਈ ਜੇਤੂ ਗੋਲ ਕੀਤਾ। ਪਹਿਲਾਂ ਭਾਰਤ ਨੇ ਅਰਜਨਟੀਨਾ ਦੀ ਜੂਨੀਅਰ ਟੀਮ ਨਾਲ 2-2 ਅਤੇ 1-1 ਨਾਲ ਬਰਾਬਰੀ ’ਤੇ ਮੈਚ ਖ਼ਤਮ ਕੀਤੇ ਸਨ। ਭਾਰਤੀ ਟੀਮ ਦੇ ਮੁੱਖ ਕੋਚ ਸ਼ੋਰਡ ਮਾਰਿਨ ਨੇ ਕਿਹਾ ਕਿ ਅਸੀਂ ਅੱਜ ਮਜ਼ਬੂਤ ਅਰਜਨਟੀਨਾ ਟੀਮ ਨਾਲ ਖੇਡੇ ਹਾਂ। -ਪੀਟੀਆਈ