ਕਾਨਪੁਰ: ਖੱਬੇ ਹੱਥ ਦੇ ਸਪਿੰਨਰ ਅਕਸ਼ਰ ਪਟੇਲ ਦੀਆਂ ਪੰਜ ਵਿਕਟਾਂ ਦੀ ਮਦਦ ਨਾਲ ਭਾਰਤ ਨੇ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਤੀਜੇ ਦਿਨ ਅੱਜ ਨਿਊਜ਼ੀਲੈਂਡ ਨੂੰ ਪਹਿਲੀ ਪਾਰੀ ਵਿਚ 296 ਦੌੜਾਂ ’ਤੇ ਆਊਟ ਕਰ ਕੇ ਬੜ੍ਹਤ ਲੈ ਲਈ, ਹਾਲਾਂਕਿ ਦੂਜੀ ਪਾਰੀ ਵਿਚ ਮੇਜ਼ਬਾਨ ਟੀਮ ਨੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਦੀ ਵਿਕਟ ਜਲਦੀ ਗੁਆ ਦਿੱਤੀ।
ਤੀਜੇ ਦਿਨ ਦੀ ਖੇਡ ਖ਼ਤਮ ਹੋਣ ’ਤੇ ਭਾਰਤ ਦਾ ਸਕੋਰ ਇਕ ਵਿਕਟ ’ਤੇ 14 ਦੌੜਾਂ ਸੀ ਅਤੇ ਕੁੱਲ ਬੜ੍ਹਤ 63 ਦੌੜਾਂ ਦੀ ਹੋ ਗਈ ਹੈ। ਗਿੱਲ ਦੂਜੇ ਹੀ ਓਵਰ ਵਿਚ ਇਕ ਦੇ ਸਕੋਰ ’ਤੇ ਕਾਈਲ ਜੈਮੀਸਨ ਦੀ ਗੇਂਦ ’ਤੇ ਆਊਟ ਹੋ ਗਿਆ। ਚੇਤੇਸ਼ਵਰ ਪੁਜਾਰਾ ਨੌਂ ਅਤੇ ਮਾਯੰਕ ਅਗਰਵਾਲ ਚਾਰ ਦੌੜਾਂ ਬਣਾ ਕੇ ਖੇਡ ਰਿਹਾ ਹੈ। ਤੀਜੇ ਦਿਨ ਦੀ ਖੇਡ ਗੇਂਦਬਾਜ਼ਾਂ ਦੇ ਨਾਂ ਰਹੀ। ਉਮੇਸ਼ ਯਾਦਵ ਨੇ ਦੁਪਹਿਰ ਦੇ ਖਾਣੇ ਤੋਂ ਠੀਕ ਪਹਿਲਾਂ ਕੇਨ ਵਿਲੀਅਮਸਨ ਨੂੰ ਆਊਟ ਕੀਤਾ।
ਅਕਸ਼ਰ ਨੇ 34 ਓਵਰਾਂ ਵਿਚ 62 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ ਜਦਕਿ ਅਸ਼ਿਵਨ ਨੇ 42.3 ਓਵਰਾਂ ਵਿਚ 82 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਰਵਿੰਦਰ ਜਡੇਜਾ ਨੇ ਰਚਿਨ ਰਵਿੰਦਰ (13) ਨੂੰ ਆਊਟ ਕੀਤਾ। -ਪੀਟੀਆਈ
ਕਰੋਨਾ ਦੇ ਨਵੇਂ ਸਰੂਪ ਕਾਰਨ ਮਹਿਲਾ ਵਿਸ਼ਵ ਕੱਪ ਕੁਆਲੀਫਾਇਰ ਰੱਦ
ਕੌਮਾਂਤਰੀ ਕ੍ਰਿਕਟ ਕੌਂਸਲ ਨੇ ਅਫ਼ਰੀਕੀ ਖੇਤਰ ਵਿਚ ਕੋਵਿਡ-19 ਦੇ ਨਵੇਂ ਸਰੂਪ ਦਾ ਪਤਾ ਲੱਗਣ ਤੋਂ ਬਾਅਦ ਅਗਲੇ ਸਾਲ ਹੋਣ ਵਾਲੇ ਮਹਿਲਾ ਇਕ ਰੋਜ਼ਾ ਵਿਸ਼ਵ ਕੱਪ ਲਈ ਹਰਾਰੇ ਵਿਚ ਚੱਲ ਰਹੇ ਕੁਆਲੀਫਾਇਰ ਨੂੰ ਅੱਜ ਰੱਦ ਕਰ ਦਿੱਤਾ ਹੈ। ਇਸ ਨੂੰ ਰੈਂਕਿੰਗ ਦੇ ਆਧਾਰ ’ਤੇ ਪਾਕਿਸਤਾਨ, ਵੈਸਟਇੰਡੀਜ਼ ਅਤੇ ਬੰਗਲਾਦੇਸ਼ ਨੇ ਕੁਆਲੀਫਾਈ ਕੀਤਾ।