ਟੋਕੀਓ, 25 ਜੁਲਾਈ
ਜਾਪਾਨ ਦੀ ਟੈਨਿਸ ਖਿਡਾਰਨ ਨਾਓਮੀ ਓਸਾਕਾ ਨੇ ਲਗਪਗ ਦੋ ਮਹੀਨਿਆਂ ਮਗਰੋਂ ਖੇਡੇ ਆਪਣੇ ਪਹਿਲੇ ਮੈਚ ’ਚ ਜਿੱਤ ਹਾਸਲ ਕਰਦਿਆਂ ਟੋਕੀਓ ਓਲੰਪਿਕ ’ਚ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਜਦਕਿ ਅੱਵਲ ਦਰਜਾ ਪ੍ਰਾਪਤ ਆਸਟਰੇਲੀਆ ਦੀ ਐਸ਼ਲੇ ਬਾਰਟੀ ਪਹਿਲੇ ਗੇੜ ’ਚ ਹੀ ਉਲਟ-ਫੇਰ ਦਾ ਸ਼ਿਕਾਰ ਹੋ ਗਈ। ਇਸ ਦੌਰਾਨ ਬਰਤਾਨੀਆ ਦਾ ਐਂਡੀ ਮੱਰੇ ਓਲੰਪਿਕ ਦੇ ਸਿੰਗਲਜ਼ ਮੁਕਾਬਲਿਆਂ ਤੋਂ ਲਾਂਭੇ ਹੋ ਗਿਆ ਹੈ।
ਨਾਓਮੀ ਓਸਾਕਾ ਨੇ ਅੱਜ ਇੱਥੇ ਚੀਨ ਦੀ 52ਵਾਂ ਦਰਜੇ ਦੀ ਝੇਂਗ ਸਾਈਸਾਈ ਨੂੰ 6-1, 6-1 ਨਾਲ ਹਰਾਇਆ। ਓਸਾਕਾ ਫਰੈਂਚ ਓਪਨ ਅਤੇ ਵਿੰਬਲਡਨ ਭਾਵੇਂ ਨਹੀਂ ਖੇਡ ਸਕੀ ਸੀ, ਪਰ ਓਲੰਪਿਕ ਮਸ਼ਾਲ ਜਗਾਉਣ ਵਾਲੀ ਇਸ ਖਿਡਾਰਨ ਨੇ ਖੇਡ ਮਹਾਕੁੰਭ ’ਚ ਚੰਗੀ ਵਾਪਸੀ ਕੀਤੀ ਹੈ। ਓਸਾਕਾ ਦਾ ਅਗਲਾ ਮੁਕਾਬਲਾ ਸਵਿਟਜ਼ਰਲੈਂਡ ਦੀ ਵਿਕਟੋਰੀਆ ਗੁਲਬਿਕ ਨਾਲ ਹੋਵੇਗਾ। ਦੂਜੇ ਪਾਸੇ ਆਸਟਰੇਲੀਆ ਦੀ ਐਸ਼ਲੇ ਬਾਰਟੀ ਸਪੇਨ ਦੀ ਸਾਰਾ ਸਾਰਬਿੇਸ ਟੋਰਮੋ ਹੱਥੋਂ 6-4, 6-3 ਨਾਲ ਹਾਰ ਗਈ। ਸੋਨ ਤਗ਼ਮਾ ਜੇਤੂ ਬਰਤਾਨਵੀ ਖਿਡਾਰੀ ਐਂਡੀ ਮੱਰੇ ਮਾਸਪੇਸ਼ੀਆਂ ਦੇ ਖਿਚਾਅ ਕਾਰਨ ਪੁਰਸ਼ਾਂ ਦੇ ਸਿੰਗਲਜ਼ ਵਰਗ ’ਚੋਂ ਹਟ ਗਿਆ ਹੈ। ਮੱਰੇ ਨੇ ਕੈਨੇਡਾ ਦੇ ਫੈਲਿਕਸ ਆਗੁਰ ਅਲਿਯਾਸਾਮੀ ਖ਼ਿਲਾਫ਼ ਮੈਚ ਤੋਂ ਲਾਂਭੇ ਹੋਣ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ ਡਬਲਜ਼ ਮੁਕਾਬਲੇ ’ਚ ਮੱਰੇ ਆਪਣੇ ਜੋੜੀਦਾਰ ਸੇਲਿਸਬਰੀ ਨਾਲ ਚੁਣੌਤੀ ਪੇਸ਼ ਕਰੇਗਾ। ਮੱਰੇ ਨੇ ਕਿਹਾ, ‘‘ਸਿੰਗਲਜ਼ ਮੁਕਾਬਲੇ ’ਚੋਂ ਹਟਣ ਕਾਰਨ ਮੈਂ ਨਿਰਾਸ਼ ਹਾਂ, ਪਰ ਹੁਣ ਮੇਰਾ ਸਾਰਾ ਧਿਆਨ ਡਬਲਜ਼ ਮੁਕਾਬਲੇ ’ਤੇ ਰਹੇਗਾ।’’
ਮਹਿਲਾ ਸਿੰਗਲਜ਼ ਵਰਗ ਦੇ ਹੋਰਨਾਂ ਮੁਕਾਬਲਿਆਂ ਵਿੱਚ ਚੈੱਕ ਗਣਰਾਜ ਦੀ ਕੈਰੋਲਿਨਾ ਪਿਲਿਸਕੋਵਾ ਨੇ ਫਰਾਂਸ ਦੀ ਅਲਾਇਜ਼ ਕੋਰਨੇਟ ਨੂੰ 6-1, 6-3 ਨਾਲ, ਬੇਲਾਰੂਸ ਦੀ ਆਰਿਆਨਾ ਸਬਾਲੇਂਕਾ ਨੇ ਪੋਲੈਂਡ ਦੀ ਮਾਗਦਾ ਲਿਨੇਟਕੋ ਨੂੰ 6-2, 6-1 ਨਾਲ, ਸਪੇਨ ਦੀ ਕਾਰਲਾ ਸੁਆਰੇਜ ਨਵਾਰੋ ਨੇ ਟਿਊਨੇਸ਼ੀਆ ਦੀ ਓਂਸ ਜਾਬੇਰ ਨੂੰ 6-4, 6-1 ਨਾਲ ਜਦਕਿ ਇਟਲੀ ਦੀ ਕੈਮਿਲਾ ਜਿਓਰਗੀ ਨੇ ਅਮਰੀਕਾ ਦੀ ਜੈਨੀਫਰ ਬਰਾਡੀ ਨੂੰ 6-3, 6-2 ਨਾਲ ਨਾਲ ਹਰਾ ਕੇ ਅਗਲੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ। -ਪੀਟੀਆਈ
ਸਾਨੀਆ ਤੇ ਅੰਕਿਤਾ ਦੀ ਜੋੜੀ ਪਹਿਲੇ ਗੇੜ ’ਚੋਂ ਬਾਹਰ
ਟੋਕੀਓ: ਭਾਰਤ ਦੀ ਸਾਨੀਆ ਮਿਰਜ਼ਾ ਤੇ ਅੰਕਿਤਾ ਰੈਣਾ ਦੀ ਜੋੜੀ ਅੱਜ ਟੋਕੀਓ ਓਲੰਪਿਕ ਦੇ ਮਹਿਲਾ ਡਬਲਜ਼ ਵਰਗ ਦੇ ਪਹਿਲੇ ਗੇੜ ਵਿੱਚ ਯੂਕਰੇਨ ਦੀ ਨਾਦੀਆ ਤੇ ਲਿਯੁਡਮਾਇਲਾ ਕਿਚੇਨੋਕ ਭੈਣਾਂ ਤੋਂ ਹਾਰ ਕੇ ਬਾਹਰ ਹੋ ਗਈ। ਸਾਨੀਆ ਤੇ ਅੰਕਿਤਾ ਨੇ ਪਹਿਲਾ ਸੈੱਟ 6-0 ਨਾਲ ਜਿੱਤ ਕੇ ਸ਼ਾਨਦਾਰ ਸ਼ੁਰੂਆਤ ਕੀਤੀ, ਪਰ ਦੋਵੇਂ ਅਗਲੇ ਦੋ ਸੈੱਟਾਂ ਵਿੱਚ ਲੈਅ ਕਾਇਮ ਰੱਖਣ ਵਿੱਚ ਨਾਕਾਮ ਰਹੀਆਂ। ਭਾਰਤੀ ਜੋੜੀ ਡੇਢ ਘੰਟੇ ਦੇ ਕਰੀਬ ਚੱਲਿਆ ਮੁਕਾਬਲਾ 6-0, 6-7 ਤੇ 8-10 ਨਾਲ ਹਾਰ ਗਈ। ਇਸ ਤੋਂ ਪਹਿਲਾਂ ਭਾਰਤ ਤੇ ਸੁਮਿਤ ਨਾਗਲ ਨੇ ਸ਼ਨਿੱਚਰਵਾਰ ਨੂੰ ਇਜ਼ਰਾਇਲ ਦੇ ਡੈਨਿਸ ਇਸਤੋਮਿਨ ਨੂੰ ਹਰਾ ਕੇ ਦੂਜੇ ਗੇੜ ਵਿੱਚ ਥਾਂ ਬਣਾਈ ਸੀ। ਨਾਗਲ, ਜੀਸ਼ਾਨ ਅਲੀ (1988 ਸਿਓਲ) ਤੇ ਲਇੇਂਡਰ ਪੇਸ(1966 ਐਟਲਾਂਟਾ) ਮਗਰੋਂ ਓਲੰਪਿਕ ਪੁਰਸ਼ ਸਿੰਗਲਜ਼ ਮੈਚ ਜਿੱਤਣ ਵਾਲਾ ਤੀਜਾ ਭਾਰਤ ਖਿਡਾਰੀ ਹੈ। -ਪੀਟੀਆਈ