ਨਵੀਂ ਦਿੱਲੀ: ਇੱਥੇ ਫੈਨੇਸਟਾ ਓਪਨ ਕੌਮੀ ਟੈਨਿਸ ਚੈਂਪੀਅਨਸ਼ਿਪ ਵਿੱਚ ਮਨੀਸ਼ ਸੁਰੇਸ਼ ਕੁਮਾਰ ਨੇ ਪੁਰਸ਼ ਵਰਗ ਅਤੇ ਵੈਦੇਹੀ ਚੌਧਰੀ ਨੇ ਮਹਿਲਾ ਵਰਗ ਦਾ ਖਿਤਾਬ ਜਿੱਤਿਆ। ਡੀਐੱਲਟੀਏ ਸਟੇਡੀਅਮ ਵਿੱਚ ਹੋਏ ਇਨ੍ਹਾਂ ਮੁਕਾਬਲਿਆਂ ਵਿੱਚ ਦੋਵਾਂ ਨੇ ਇੱਕਪਾਸੜ ਜਿੱਤ ਹਾਸਲ ਕੀਤੀ। ਵੈਦੇਹੀ ਨੇ ਸਾਈ ਸਮਹਿਤਾ ਨੂੰ 6-2, 6-0 ਨਾਲ ਹਰਾਇਆ। ਸਾਈ ਪਿਛਲੇ ਹਫ਼ਤੇ ਤੋਂ ਸ਼ਾਨਦਾਰ ਲੈਅ ਵਿੱਚ ਚੱਲ ਰਹੀ ਸੀ ਪਰ ਆਖਰੀ ਮੁਕਾਬਲੇ ਵਿੱਚ ਉਸ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ। ਵੈਦੇਹੀ ਨੇ ਕਿਹਾ, ‘‘ਇਹ ਮੇਰਾ ਪਹਿਲਾ ਫੈਨੇਸਟਾ ਓਪਨ ਖਿਤਾਬ ਹੈ ਅਤੇ ਮੈਂ ਬਹੁਤ ਖ਼ੁਸ਼ ਹਾਂ।’’ ਪੁਰਸ਼ ਵਰਗ ਦੇ ਫਾਈਨਲ ਵਿੱਚ ਮਨੀਸ਼ ਨੇ ਦਿਗਵਿਜੈ ਪ੍ਰਤਾਪ ਸਿੰਘ ਨੂੰ 6-2, 6-3 ਨਾਲ ਹਰਾਇਆ। ਲੜਕਿਆਂ ਦੇ ਅੰਡਰ-18 ਫਾਈਨਲ ਵਿੱਚ ਡੈਨਿਮ ਯਾਦਵ ਨੇ ਅਮਨ ਦਹੀਆ ਨੂੰ 7-6, 6-4 ਨਾਲ ਹਰਾ ਕੇ ਖਿਤਾਬ ਜਿੱਤਿਆ ਜਦਕਿ ਲੜਕੀਆਂ ਦੇ ਅੰਡਰ-18 ਫਾਈਨਲ ਵਿੱਚ ਮਧੂਰਿਮਾ ਸਾਵੰਤ ਨੇ ਸੁਹਿਤਾ ਮੁਰਾਰੀ ਨੂੰ 6-3, 6-2 ਨਾਲ ਹਰਾ ਕੇ ਖਿਤਾਬ ਆਪਣੇ ਨਾਮ ਕੀਤਾ। -ਪੀਟੀਆਈ