ਬਰਮਿੰਘਮ, 29 ਜੁਲਾਈ
ਰਾਸ਼ਟਰ ਮੰਡਲ ਖੇਡਾਂ-2022 ’ਚ ਭਾਰਤ ਦੀਆਂ ਮਹਿਲਾ ਤੇ ਪੁਰਸ਼ ਟੀਮਾਂ ਨੇ ਸ਼ਾਨਦਾਰ ਜੇਤੂ ਸ਼ੁਰੂਆਤ ਕੀਤੀ ਤੇ ਆਪਣੇ ਪਹਿਲੇ ਮੈਚਾਂ ’ਚ ਕ੍ਰਮਵਾਰ ਦੱਖਣੀ ਅਫਰੀਕਾ ਤੇ ਬਾਰਬਾਡੋਸ ਨੂੰ 3-0 ਨਾਲ ਹਰਾਇਆ।
ਮਹਿਲਾ ਡਬਲਜ਼ ਮੁਕਾਬਲੇ ’ਚ ਸ੍ਰੀਜਾ ਅਕੁਲਾ ਤੇ ਰੀਥ ਟੈਨੀਸਨ ਨੇ ਦੱਖਣੀ ਅਫਰੀਕਾ ਦੀਆਂ ਲੈਲਾ ਐਡਵਰਡਜ਼ ਤੇ ਡੈਨਿਸ਼ਾ ਜਯਾਵੰਤ ਪਟੇਲ ਨੂੰ ਹਰਾਇਆ। ਭਾਰਤੀ ਟੀਮ ਨੇ ਇਸ ਮੁਕਾਬਲੇ ’ਚ ਆਪਣੇ ਵਿਰੋਧੀ ਖਿਡਾਰੀਆਂ ’ਤੇ 11-7, 11-7, 11-5 ਨਾਲ ਜਿੱਤ ਦਰਜ ਕੀਤੀ। ਇਸ ਤੋਂ ਬਾਅਦ ਮੌਜੂਦਾ ਚੈਂਪੀਅਨ ਮਨਿਕਾ ਬੱਤਰਾ ਨੇ ਸਿੰਗਲ ਮੁਕਾਬਲੇ ਮੁਸ਼ਫਿਕੁਹ ਕਲਾਮ ਨੂੰ 11-5, 11-3, 11-2 ਨਾਲ ਹਰਾ ਕੇ ਟੀਮ ਨੂੰ 2-0 ਦੀ ਲੀਡ ਦਿਵਾਈ। ਤੀਜੇ ਮੁਕਾਬਲੇ ’ਚ ਸ੍ਰੀਜਾ ਅਕੁਲਾ ਨੇ ਡੈਨਿਸ਼ਾ ਜਯਾਵੰਤ ਪਟੇਲ ’ਤੇ 11-5, 11-3, 11-6 ਨਾਲ ਜਿੱਤ ਦਰਜ ਕੀਤੀ। ਭਾਰਤੀ ਟੀਮ ਦੂਜੇ ਮੈਚ ਵਿੱਚ ਫਿਜੀ ਨਾਲ ਭਿੜੇਗੀ। ਇਸੇ ਤਰ੍ਹਾਂ ਬਾਰਬਾਡੋਸ ਖ਼ਿਲਾਫ਼ ਗਰੁੱਪ ਤਿੰਨ ਦੇ ਮੁਕਾਬਲੇ ’ਚ ਪੁਰਸ਼ ਟੀਮ ਦੇ ਹਰਮੀਤ ਦੇਸਾਈ ਤੇ ਜੀ ਸਾਥੀਆਨ ਦੀ ਟੀਮ ਨੇ ਕੇਵਿਨ ਫਾਰਲੇ ਤੇ ਟਾਇਰਸ ਨਾਈਟ ਨੂੰ 11-9, 11-9, 11-4 ਨਾਲ ਹਰਾਇਆ ਜਦਕਿ ਸ਼ਰਤ ਕਮਲ ਨੇ ਰੈਮੋਨ ਮੈਕਸਵੈੱਲ ਨੂੰ 11-5, 11-3, 11-3 ਨਾਲ ਮਾਤ ਦਿੱਤੀ। ਇਸੇ ਤਰ੍ਹਾਂ ਸਾਥੀਆਨ ਨੇ ਨਾਈਟ ਨੂੰ 11-4, 11-4, 11-5 ਨਾਲ ਹਰਾਇਆ। -ਪੀਟੀਆਈ