ਨਵੀਂ ਦਿੱਲੀ: ਭਾਰਤ ਦੀ ਟੇਬਲ ਟੈਨਿਸ ਜੋੜੀ ਪਾਯਸ ਜੈਨ ਤੇ ਯਸ਼ਸਵਿਨੀ ਘੋਰਪੜੇ ਨੇ ਏਸ਼ੀਅਨ ਜੂਨੀਅਰ ਤੇ ਕੈਡੇਟ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਜਿੱਤਿਆ ਹੈ। ਲਾਓਸ ਵਿਚ ਹੋਏ ਮੁਕਾਬਲੇ ’ਚ ਭਾਰਤੀ ਜੋੜੀ ਨੇ ਚੀਨ ਨੂੰ ਦਿਲਚਸਪ ਫਾਈਨਲ ਮੁਕਾਬਲੇ ’ਚ 3-2 ਨਾਲ ਮਾਤ ਦਿੱਤੀ। ਭਾਰਤੀਆਂ ਨੇ ਇਹ ਮੈਚ 11-9, 11-1, 10-12, 7-11 ਤੇ 11-8 ਨਾਲ ਜਿੱਤਿਆ। ਦੱਸਣਯੋਗ ਹੈ ਕਿ ਕਿਸੇ ਏਸ਼ਿਆਈ ਚੈਂਪੀਅਨਸ਼ਿਪ ਵਿਚ ਭਾਰਤੀ ਜੂਨੀਅਰਾਂ ਵੱਲੋਂ ਜਿੱਤਿਆ ਗਿਆ ਇਹ ਪਹਿਲਾ ਸੋਨ ਤਗਮਾ ਹੈ। ਹਾਲ ਹੀ ਵਿਚ ਰਾਸ਼ਟਰਮੰਡਲ ਖੇਡਾਂ ’ਚ ਭਾਰਤ ਦੇ ਸ਼ਰਤ ਕਮਲ ਤੇ ਸਰੀਜਾ ਅਕੂਲਾ ਨੇ ਮਿਸ਼ਰਤ ਮੁਕਾਬਲੇ ’ਚ ਸੋਨ ਤਗਮਾ ਜਿੱਤਿਆ ਸੀ। ਜੂਨੀਅਰ ਚੈਂਪੀਅਨਸ਼ਿਪ ਵਿਚ ਭਾਰਤ ਨੇ ਤਿੰਨ ਕਾਂਸੀ ਦੇ ਤਗਮੇ ਵੀ ਜਿੱਤੇ ਹਨ। ਭਾਰਤੀ ਲੜਕਿਆਂ ਨੇ ਅੰਡਰ-19 ਡਬਲਜ਼, ਕੁੜੀਆਂ ਨੇ ਅੰਡਰ-19 ਸਿੰਗਲਜ਼ ਤੇ ਮੁੰਡਿਆਂ ਨੇ ਅੰਡਰ-19 ਟੀਮ ਈਵੈਂਟ ਵਿਚ ਕਾਂਸੀ ਦੇ ਤਗਮੇ ਜਿੱਤੇ ਹਨ। -ਪੀਟੀਆਈ