ਦੁਬਈ: ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਪਾਕਿਸਤਾਨ ਖ਼ਿਲਾਫ਼ ਆਪਣੀ ਸ਼ਾਨਦਾਰ ਪਾਰੀ ਦੀ ਬਦੌਲਤ ਆਈਸੀਸੀ ਦੀ ਟੀ-20 ਦਰਜਾਬੰਦੀ ਵਿੱਚ ਸਿਖਰਲੇ 10 ਵਿੱਚ ਸ਼ਾਮਲ ਹੋ ਗਿਆ ਹੈ। ਕੋਹਲੀ ਨੇ ਟੀ-20 ਵਿਸ਼ਵ ਕੱਪ ਵਿੱਚ ਪਾਕਿਸਤਾਨ ਖ਼ਿਲਾਫ ਨਾਬਾਦ 82 ਦੌੜਾਂ ਦੀ ਲਾਜਾਵਾਬ ਪਾਰੀ ਖੇਡੀ ਸੀ, ਜਿਸ ਦੀ ਬਦੌਲਤ ਭਾਰਤ ਨੇ ਇਹ ਮੈਚ ਆਖਰੀ ਗੇਂਦ ’ਤੇ ਆਪਣੇ ਨਾਮ ਕੀਤਾ ਸੀ। ਇਹ ਸ਼ਾਨਦਾਰ ਪਾਰੀ ਖੇਡਣ ਮਗਰੋਂ ਕੋਹਲੀ ਪੰਜ ਸਥਾਨ ਉਪਰ ਨੌਵੇਂ ਸਥਾਨ ’ਤੇ ਪਹੁੰਚ ਗਿਆ ਹੈ। ਪਾਕਿਸਤਾਨ ਦਾ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ 849 ਰੇਟਿੰਗ ਅੰਕਾਂ ਨਾਲ ਸਿਖਰ ’ਤੇ ਕਾਇਮ ਹੈ ਜਦਕਿ ਨਿਊਜ਼ੀਲੈਂਡ ਦਾ ਸਲਾਮੀ ਬੱਲੇਬਾਜ਼ ਡੇਵੋਨ ਕਾਨਵੇ 831 ਰੇਟਿੰਗ ਅੰਕਾਂ ਨਾਲ ਤਿੰਨ ਸਥਾਨ ਉੱਪਰ ਸੂਰਿਆਕੁਮਾਰ ਯਾਦਵ ਦੀ ਥਾਂ ਦੂਜੇ ਸਥਾਨ ’ਤੇ ਪਹੁੰਚ ਗਿਆ ਹੈ। ਕਾਨਵੇ ਨੇ ਆਸਟਰੇਲੀਆ ਖ਼ਿਲਾਫ਼ 58 ਗੇਂਦਾਂ ’ਤੇ ਨਾਬਾਦ 92 ਦੌੜਾਂ ਦੀ ਪਾਰੀ ਖੇਡਦਿਆਂ ਆਪਣੀ ਟੀਮ ਨੂੰ 89 ਦੌੜਾਂ ਨਾਲ ਜਿੱਤ ਦਿਵਾਈ ਸੀ। ਸੂਰਿਆਕੁਮਾਰ ਦੇ 828 ਰੇਟਿੰਗ ਅੰਕ ਹਨ ਅਤੇ ਉਹ ਤੀਜੇ ਸਥਾਨ ’ਤੇ ਖਿਸਕ ਗਿਆ ਹੈ। ਪਾਕਿਸਤਾਨ ਖ਼ਿਲਾਫ਼ ਮੈਚ ਵਿੱਚ ਉਸ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਸੀ। -ਪੀਟੀਆਈ