ਸਿਡਨੀ, 29 ਅਕਤੂਬਰ
ਨਿਊਜ਼ੀਲੈਂਡ ਨੇ ਅੱਜ ਇੱਥੇ ਟੀ-20 ਵਿਸ਼ਵ ਕੱਪ ਵਿੱਚ ਸ੍ਰੀਲੰਕਾ ਨੂੰ 65 ਦੌੜਾਂ ਨਾਲ ਹਰਾ ਦਿੱਤਾ। ਮੈਚ ਜਿੱਤਣ ਵਿੱਚ ਬੱਲੇਬਾਜ਼ ਗਲੈਨ ਫਿਲਿਪਸ (104) ਅਤੇ ਗੇਂਦਬਾਜ਼ ਟਰੈਂਟ ਬੋਲਟ (ਚਾਰ ਵਿਕਟਾਂ) ਨੇ ਸਭ ਤੋਂ ਵੱਧ ਯੋਗਦਾਨ ਪਾਇਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਨੇ ਪਾਵਰਪਲੇਅ ਵਿੱਚ 15 ਦੌੜਾਂ ’ਤੇ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ, ਜਿਸ ਮਗਰੋਂ ਫਿਲਿਪਸ ਅਤੇ ਡੇਰਿਲ ਮਿਸ਼ੇਲ (22) ਦੀ 84 ਦੌੜਾਂ ਦੀ ਸਾਂਝੇਦਾਰੀ ਸਦਕਾ ਨਿਊਜ਼ੀਲੈਂਡ ਨੇ ਨਿਰਧਾਰਤ ਓਵਰਾਂ ਵਿੱਚ ਸੱਤ ਵਿਕਟਾਂ ਦੇ ਨੁਕਸਾਨ ’ਤੇ 167 ਦੌੜਾਂ ਬਣਾਈਆਂ। ਟੀਚਾ ਪੂਰਾ ਕਰਨ ਉੱਤਰੀ ਸ੍ਰੀਲੰਕਾ ਦੀ ਟੀਮ ਨੇ ਵੀ ਨਿਊਜ਼ੀਲੈਂਡ ਦੀ ਤਰ੍ਹਾਂ ਸ਼ੁਰੂਆਤੀ ਵਿਕਟਾਂ ਜਲਦੀ ਗੁਆ ਦਿੱਤੀਆਂ ਪਰ ਉਹ ਇਨ੍ਹਾਂ ਝਟਕਿਆਂ ਤੋਂ ਉੱਭਰ ਨਹੀਂ ਸਕੀ ਅਤੇ ਪੂਰੀ ਟੀਮ 19.2 ਓਵਰਾਂ ਵਿੱਚ 102 ਦੌੜਾਂ ’ਤੇ ਹੀ ਸਿਮਟ ਗਈ। ਨਿਊਜ਼ੀਲੈਂਡ ਲਈ ਬੋਲਟ ਨੇ 13 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਇਹ ਨਿਊਜ਼ੀਲੈਂਡ ਦੀ ਤਿੰਨ ਮੈਚਾਂ ਵਿੱਚ ਦੂਜੀ ਜਿੱਤ ਹੈ ਜਦਕਿ ਅਫਗਾਨਿਸਤਾਨ ਖ਼ਿਲਾਫ਼ ਉਸ ਦਾ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। -ਪੀਟੀਆਈ
ਅੱਜ ਦੇ ਮੈਚ
* ਬੰਗਲਾਦੇਸ਼ ਬਨਾਮ ਜ਼ਿੰਬਾਬਵੇ
ਸਵੇਰੇ 8:30 ਵਜੇ
* ਪਾਕਿਸਤਾਨ ਬਨਾਮ ਨੈਦਰਲੈਂਡਜ਼
ਦੁਪਹਿਰ 12:30 ਵਜੇ
* ਭਾਰਤ ਬਨਾਮ ਦੱਖਣੀ ਅਫਰੀਕਾ
ਸ਼ਾਮ 4:30 ਵਜੇ