ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਜੂਨ
ਦਿੱਲੀ ਦੀ ਇੱਕ ਅਦਾਲਤ ਨੇ ਕਤਲ ਮਾਮਲੇ ਵਿੱਚ ਓਲੰਪਿਕ ਤਗ਼ਮਾ ਜੇਤੂ ਸੁਸ਼ੀਲ ਕੁਮਾਰ ਦੀ ਨਿਆਂਇਕ ਹਿਰਾਸਤ ਅੱਜ 25 ਜੂਨ ਤੱਕ ਵਧਾ ਦਿੱਤੀ ਹੈ। ਛਤਰਸਾਲ ਸਟੇਡੀਅਮ ਵਿੱਚ ਹੋਈ ਲੜਾਈ ਵਿੱਚ ਨੌਜਵਾਨ ਪਹਿਲਵਾਨ ਸਾਗਰ ਰਾਣਾ ਉਰਫ਼ ਸਾਗਰ ਧਨਖੜ ਦੀ ਮੌਤ ਹੋ ਗਈ ਸੀ, ਜਦੋਂਕਿ ਉਸ ਦੇ ਦੋ ਦੋਸਤ ਜ਼ਖ਼ਮੀ ਹੋ ਗਏ ਸਨ। ਸੁਸ਼ੀਲ ਕੁਮਾਰ ਨੂੰ ਨੌਂ ਦਿਨਾਂ ਦੀ ਨਿਆਂਇਕ ਹਿਰਾਸਤ ਖ਼ਤਮ ਹੋਣ ਮਗਰੋਂ ਅੱਜ ਰੋਹਿਨੀ ਜ਼ਿਲ੍ਹਾ ਅਦਾਲਤ ਵਿੱਚ ਮੈਟਰੋਪਾਲੀਟਨ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤਾ ਗਿਆ। ਅਦਾਲਤ ਨੇ ਪਿਛਲੇ ਦਿਨੀਂ ਉਲੰਪੀਅਨ ਸੁਸ਼ੀਲ ਕੁਮਾਰ ਦੀ ਜੇਲ੍ਹ ਵਿਚ ਵਿਸ਼ੇਸ਼ ਭੋਜਨ ਅਤੇ ਸਪਲੀਮੈਂਟ ਜਿਵੇਂ ਓਮੇਗਾ -3 ਕੈਪਸੂਲ, ਸਾਂਝੇ ਕੈਪਸੂਲ, ਪ੍ਰੀ-ਵਰਕਆਊਟ ਸੀ -4, ਹਾਈਡ, ਮਲਟੀਵਿਟਾਮਿਨ ਜੀ.ਐੱਨ.ਸੀ. ਮੁਹੱਈਆ ਕਰਵਾਉਣ ਦੀ ਪਟੀਸ਼ਨ ਨੂੰ ਖਾਰਜ ਕਰਦਿਆਂ ਕਿਹਾ ਸੀ ਕਿ ਕਾਨੂੰਨ ਸਭ ਲਈ ਬਰਾਬਰ ਹੈ। ਸੁਸ਼ੀਲ ਕੁਮਾਰ ਤੇ ਉਸਦੇ ਸਾਥੀਆਂ ’ਤੇ ਦੋਸ਼ ਹੈ ਕਿ ਉਨ੍ਹਾਂ ਨੇ 4-5 ਮਈ ਦੀ ਰਾਤ ਨੂੰ ਛੱਤਰਸਾਲ ਸਟੇਡੀਅਮ ਵਿੱਚ ਜਾਇਦਾਦ ਦੇ ਝਗੜੇ ਨੂੰ ਲੈ ਕੇ ਸਾਗਰ ਧਨਖੜ ਅਤੇ ਉਸਦੇ ਦੋ ਦੋਸਤਾਂ ਨਾਲ ਕਥਿਤ ਕੁੱਟਮਾਰ ਕੀਤੀ ਸੀ।
ਸੁਸ਼ੀਲ ਕੁਮਾਰ ਦਾ ਸਾਥੀ ਗ੍ਰਿਫ਼ਤਾਰ
ਨਵੀਂ ਦਿੱਲੀ: ਦਿੱਲੀ ਪੁਲੀਸ ਦੀ ਕ੍ਰਾਈਮ ਬਾਂਚ ਨੇ ਛੱਤਰਸਾਲ ਸਟੇਡੀਅਮ ਵਿੱਚ ਹੋਏ ਕਤਲ ਮਾਮਲੇ ਵਿੱਚ ਓਲੰਪਿਕ ਤਗ਼ਮਾ ਜੇਤੂ ਸੁਸ਼ੀਲ ਕੁਮਾਰ ਦੇ ਨੇੜਲੇ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਅੱਜ ਦੱਸਿਆ ਕਿ ਅਨਿਰੁਧ ਨੂੰ ਕੌਮੀ ਰਾਜਧਾਨੀ ਵਿੱਚੋਂ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਹਿਲਵਾਨ ਸੁਸ਼ੀਲ ਕੁਮਾਰ ਅਤੇ ਸਹਿ-ਮੁਲਜ਼ਮ ਅਜੈ ਕੁਮਾਰ ਨੂੰ ਦਿੱਲੀ ਦੇ ਬਾਹਰੀ ਖੇਤਰ ਵਿੱਚੋਂ 23 ਮਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲੀਸ ਨੇ ਕਿਹਾ ਕਿ ਸੁਸ਼ੀਲ ਕੁਮਾਰ ਸਣੇ ਹੁਣ ਤੱਕ ਦਸ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। -ਪੀਟੀਆਈ