ਨਿੱਜੀ ਪੱਤਰ ਪ੍ਰੇਰਕ
ਜਲੰਧਰ, 25 ਅਕਤੂਬਰ
ਜਲੰਧਰ ਛਾਉਣੀ ਦੇ ਕਟੋਚ ਐਸਟਰੋਟਰਫ ਹਾਕੀ ਸਟੇਡੀਅਮ ਵਿੱਚ ਜਾਰੀ 38ਵੇਂ ਸੁਰਜੀਤ ਹਾਕੀ ਟੂਰਨਾਮੈਂਟ ਦੇ ਤੀਜੇ ਦਿਨ ਦੋ ਮੈਚ ਖੇਡੇ ਗਏ। ਪਹਿਲੇ ਮੈਚ ਵਿੱਚ ਆਰਮੀ ਇਲੈਵਨ ਅਤੇ ਰੇਲ ਕੋਚ ਫੈਕਟਰੀ ਕਪੂਰਥਲਾ ਦੀਆਂ ਟੀਮਾਂ 3-3 ਗੋਲਾਂ ਨਾਲ ਬਰਾਬਰੀ ’ਤੇ ਰਹੀਆਂ ਅਤੇ ਦੋਵਾਂ ਟੀਮਾਂ ਨੂੰ ਇਕ-ਇਕ ਅੰਕ ਮਿਲਿਆ। ਆਰਮੀ ਇਲੈਵਨ ਦੇ ਹਰਮਨ ਸਿੰਘ ਨੇ ਟੂਰਨਾਮੈਂਟ ਵਿੱਚ ਗੋਲਾਂ ਦੀ ਪਹਿਲੀ ਹੈਟ੍ਰਿਕ ਮਾਰੀ। ਦੂਜੇ ਮੈਚ ਵਿੱਚ ਪੰਜਾਬ ਨੈਸ਼ਨਲ ਬੈਂਕ ਨੇ ਭਾਰਤੀ ਨੇਵੀ ਨੂੰ 3-2 ਦੇ ਫਰਕ ਨਾਲ ਹਰਾ ਕੇ ਤਿੰਨ ਅੰਕ ਹਾਸਲ ਕੀਤੇ। ਪੂਲ ‘ਬੀ’ ਦੇ ਪਹਿਲੇ ਮੈਚ ਵਿੱਚ ਆਰਮੀ ਇਲੈਵਨ ਅਤੇ ਰੇਲ ਕੋਚ ਫੈਕਟਰੀ ਕਪੂਰਥਲਾ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਆਰਮੀ ਟੀਮ ਦੇ ਹਰਮਨ ਸਿੰਘ ਨੇ 8ਵੇਂ, 32ਵੇਂ ਅਤੇ 47ਵੇਂ ਮਿੰਟ ਵਿੱਚ ਗੋਲ ਕੀਤੇ। ਜਦਕਿ ਰੇਲ ਕੋਚ ਫੈਕਟਰੀ ਕਪੂਰਥਲਾ ਦੇ ਅਰਜੁਨ ਸ਼ਰਮਾ ਨੇ 38ਵੇਂ, 49ਵੇਂ ਮਿੰਟ ਵਿੱਚ ਕਰਨਪਾਲ ਸਿੰਘ ਨੇ ਅਤੇ 60ਵੇਂ ਮਿੰਟ ਵਿੱਚ ਰਾਜਨ ਕੰਡੁਲਨਾ ਨੇ ਗੋਲ ਕਰਕੇ ਬਰਾਬਰੀ ਕੀਤੀ। ਇਸ ਦੇ ਨਾਲ ਹੀ ਕੋਚ ਫੈਕਟਰੀ ਦੀ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਗਈ।
ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਸੁਖਵਿੰਦਰ ਸਿੰਘ ਨਿੱਝਰ (ਯੂਐਸਏ) ਨੇ ਟੀਮਾਂ ਨਾਲ ਜਾਣ ਪਛਾਣ ਕੀਤੀ।