ਪੱਤਰ ਪ੍ਰੇਰਕ
ਆਦਮਪੁਰ ਦੋਆਬਾ(ਜਲੰਧਰ), 26 ਅਕਤੂਬਰ
ਜਲੰਧਰ ਦੇ ਬਰਲਟਨ ਪਾਰਕ ਦੇ ਸੁਰਜੀਤ ਹਾਕੀ ਸਟੇਡੀਅਮ ਵਿੱਚ ਭਲਕੇ 27 ਅਕਤੂਬਰ ਤੋਂ 39ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਸ਼ੁਰੂ ਹੋ ਰਿਹਾ ਹੈ। ਇਸ ਦਾ ਫਾਈਨਲ ਮੈਚ 4 ਨਵੰਬਰ ਨੂੰ ਖੇਡਿਆ ਜਾਵੇਗਾ। ਸੁਰਜੀਤ ਹਾਕੀ ਸੁਸਾਇਟੀ ਦੇ ਕਾਰਜਕਾਰੀ ਪ੍ਰਧਾਨ ਲਖਵਿੰਦਰ ਪਾਲ ਸਿੰਘ ਖਹਿਰਾ ਨੇ ਦੱਸਿਆ ਕਿ ਟੂਰਨਾਮੈਂਟ ਦਾ ਉਦਘਾਟਨ ਸ਼ਾਮ 5:45 ਵਜੇ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਇੰਦਰਬੀਰ ਸਿੰਘ ਨਿੱਝਰ ਵੱਲੋਂ ਕੀਤਾ ਜਾਵੇਗਾ। ਉਦਘਾਟਨੀ ਮੈਚ ਆਰਮੀ (ਗਰੀਨ), ਬੰਗਲੂਰੂ ਅਤੇ ਸੀਆਰਪੀਐੱਫ, ਦਿੱਲੀ ਵਿਚਾਲੇ ਖੇਡਿਆ ਜਾਵੇਗਾ ਜਦਕਿ ਦਿਨ ਦੇ ਬਾਕੀ ਮੈਚ ਰੇਲ ਕੋਚ ਫੈਕਟਰੀ ਕਪੂਰਥਲਾ ਤੇ ਏਐੱਸਸੀ ਬੰਗਲੂਰੂ ਵਿਚਾਲੇ (11:00 ਵਜੇ), ਕੈਗ ਦਿੱਲੀ ਤੇ ਈਐੱਮਈ ਜਲੰਧਰ (2:30 ਵਜੇ) ਅਤੇ ਭਾਰਤੀ ਹਵਾਈ ਸੈਨਾ ਤੇ ਬੀਐੱਸਐੱਫ ਜਲੰਧਰ ਵਿਚਾਲੇ (4:15 ਵਜੇ) ਖੇਡੇ ਜਾਣਗੇ। ਜਲੰਧਰ ਦੇ ਡਿਪਟੀ ਕਮਿਸ਼ਨਰ ਅਤੇ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਟੂਰਨਾਮੈਂਟ ਨਾਕਆਊਟ-ਕਮ-ਲੀਗ ਦੇ ਆਧਾਰ ’ਤੇ ਖੇਡਿਆ ਜਾਵੇਗਾ।