ਨਵੀਂ ਦਿੱਲੀ: ਕਿਦਾਂਬੀ ਸ੍ਰੀਕਾਂਤ ਅਤੇ ਸਾਇਨਾ ਨੇਹਵਾਲ ਦੀ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਦੀ ਉਮੀਦ ਫਿੱਕੀ ਪੈਂਦੀ ਜਾਪਦੀ ਹੈ। ਵਿਸ਼ਵ ਬੈਡਮਿੰਟਨ ਫੈਡਰੇਸ਼ਨ (ਬੀਡਬਲਿਊਐਫ) ਨੇ ਸ਼ੁੱਕਰਵਾਰ ਨੂੰ ਸਪੱਸ਼ਟ ਕੀਤਾ ਕਿ ਕੁਆਲੀਫਿਕੇਸ਼ਨ ਸਮੇਂ ਦੌਰਾਨ ਕੋਈ ਹੋਰ ਟੂਰਨਾਮੈਂਟ ਨਹੀਂ ਹੋਵੇਗਾ ਅਤੇ ਮੌਜੂਦਾ ਰੈਂਕਿੰਗ ਸੂਚੀ ਵਿਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਵਿਸ਼ਵ ਦੇ ਸਾਬਕਾ ਨੰਬਰ ਇੱਕ ਖਿਡਾਰੀ ਸ੍ਰੀਕਾਂਤ ਅਤੇ ਲੰਡਨ ਖੇਡਾਂ ਵਿਚ ਕਾਂਸੇ ਦਾ ਤਗਮਾ ਜਿੱਤਣ ਵਾਲੀ ਸਾਇਨਾ ਨੇਹਵਾਲ ਦੀਆਂ ਉਮੀਦਾਂ ਕਰੀਬ ਉਸ ਵਕਤ ਹੀ ਟੁੱਟ ਗਈਆਂ ਸਨ ਜਦੋਂ ਕਰੋਨਾ ਮਹਾਮਾਰੀ ਕਾਰਨ ਸਿੰਗਾਪੁਰ ਵਿਚ ਹੋਣ ਵਾਲੇ ਓਲੰਪਿਕ ਕੁਆਲੀਫਾਇਰ ਗੇੜ ਦੇ ਆਖ਼ਰੀ ਟੂਰਨਾਮੈਂਟ ਨੂੰ ਰੱਦ ਕਰ ਦਿੱਤਾ ਗਿਆ ਸੀ। ਉਸ ਸਮੇਂ ਬੀਡਬਲਿਊਐਫ ਨੇ ਕਿਹਾ ਕਿ ਟੋਕੀਓ ਓਲੰਪਿਕ ਦੇ ਕੁਆਲੀਫਾਇਰ ਬਾਰੇ ਫ਼ੈਸਲਾ ਬਾਅਦ ਵਿਚ ਕੀਤਾ ਜਾਵੇਗਾ। ਉਦੋਂ ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਉਮੀਦ ਬੱਝੀ ਸੀ ਪਰ ਬੀਡਬਲਿਊਐਫ ਵੱਲੋਂ ਸ਼ੁੱਕਰਵਾਰ ਨੂੰ ਕਿਹਾ ਗਿਆ ਕਿ ਟੋਕੀਓ ਓਲੰਪਿਕ ਲਈ ਕੁਆਲੀਫਾਇੰਗ ਸਮੇਂ ਦੌਰਾਨ ਹੁਣ ਕੋਈ ਟੂਰਨਾਮੈਂਟ ਨਹੀਂ ਖੇਡਿਆ ਜਾਵੇਗਾ। ਟੋਕੀਓ ਖੇਡਾਂ ਲਈ ਕੁਆਲੀਫਾਇੰਗ ਸਮਾਂ 15 ਜੂਨ ਨੂੰ ਖ਼ਤਮ ਹੋ ਜਾਵੇਗਾ। ਇਸ ਲਈ ਮੌਜੂਦਾ ‘ਰੇਸ ਟੂ ਟੋਕੀਓ ਰੈਕਿੰਗ’ ਸੂਚੀ ਵਿਚ ਕੋਈ ਤਬਦੀਲੀ ਨਹੀਂ ਹੋਵੇਗੀ। ਜ਼ਿਕਰਯੋਗ ਹੈ ਕਿ ਮੌਜੂਦਾ ਕਰੋਨਾ ਮਹਾਮਾਰੀ ਕਾਰਨ ਕੁਆਲੀਫਾਇਰ ਸਮੇਂ ਵਿਚ ਤਬਦੀਲੀਆਂ ਕੀਤੀਆਂ ਗਈਆਂ ਸਨ। -ਪੀਟੀਆਈ