ਕੇਪਟਾਊਨ, 14 ਜਨਵਰੀ
ਦੱਖਣੀ ਅਫ਼ਰੀਕਾ ਨੇ ਆਪਣੇ ਵਧੀਆ ਪ੍ਰਦਰਸ਼ਨ ਨਾਲ ਦੁਨੀਆਂ ਦੀ ਨੰਬਰ ਇਕ ਟੀਮ ਭਾਰਤ ਦਾ ‘ਆਖ਼ਰੀ ਕਿਲ੍ਹਾ ਫ਼ਤਹਿ’ ਕਰਨ ਦਾ ਸੁਫ਼ਨਾ ਤੋੜਦਿਆਂ ਤੀਜੇ ਅਤੇ ਆਖ਼ਰੀ ਟੈਸਟ ਕ੍ਰਿਕਟ ਮੈਚ ਵਿਚ ਚੌਥੇ ਦਿਨ ਅੱਜ ਇੱਥੇ ਸੱਤ ਵਿਕਟਾਂ ਨਾਲ ਜਿੱਤ ਦਰਜ ਕਰ ਕੇ ਲੜੀ 2-1 ਨਾਲ ਆਪਣੇ ਨਾਂ ਕੀਤੀ। ਦੱਖਣੀ ਅਫਰੀਕਾ ਸਾਹਮਣੇ 212 ਦੌੜਾਂ ਦਾ ਟੀਚਾ ਸੀ ਜੋ ਉਸ ਨੇ ਤਿੰਨ ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਇਸ ਜਿੱਤ ਵਿਚ ਕੀਗਨ ਪੀਟਰਸਨ (113 ਗੇਂਦਾਂ ’ਤੇ 82 ਦੌੜਾਂ) ਨੇ ਅਹਿਮ ਭੂਮਿਕਾ ਨਿਭਾਈ। ਉਸ ਨੇ ਤੀਜੇ ਦਿਨ ਕਪਤਾਨ ਡੀਨ ਐਲਗਰ (30) ਨਾਲ 78 ਦੌੜਾਂ ਦੀ ਸਾਂਝੇਦਾਰੀ ਕਰ ਕੇ ਮਜ਼ਬੂਤ ਨੀਂਹ ਰੱਖੀ ਸੀ। ਪੀਟਰਸਨ ਨੇ ਚੌਥੇ ਦਿਨ ਸਵੇਰੇ ਰੈਸੀ ਵਾਨ ਡਰ ਡੂਸੇਨ (ਨਾਬਾਦ 41) ਨਾਲ 52 ਦੌੜਾਂ ਜੋੜ ਕੇ ਭਾਰਤ ਦੀਆਂ ਆਸਾਂ ’ਤੇ ਪਾਣੀ ਫੇਰਿਆ। ਬਾਕੀ ਰਹਿੰਦੀ ਕਸਰ ਵਾਨ ਡੂਸੇਨ ਅਤੇ ਤੈਂਬਾ ਬਾਵੁਮਾ (ਨਾਬਾਦ 32) ਵਿਚਾਲੇ 57 ਦੌੜਾਂ ਦੀ ਅਟੁੱਟ ਸਾਂਝੇਦਾਰੀ ਨੇ ਪੂਰੀ ਕਰ ਦਿੱਤੀ।
ਭਾਰਤ ਕੋਲ ਦੱਖਣੀ ਅਫਰੀਕਾ ਵਿਚ ਪਹਿਲੀ ਵਾਰ ਲੜੀ ਜਿੱਤਣ ਦਾ ਬਿਹਤਰੀਨ ਮੌਕਾ ਸੀ। ਉਸ ਨੇ ਸੈਂਚੂਰੀਅਨ ਵਿਚ ਪਹਿਲਾ ਟੈਸਟ ਮੈਚ 113 ਦੌੜਾਂ ਨਾਲ ਜਿੱਤ ਕੇ ਸ਼ਾਨਦਾਰ ਸ਼ੁਰੂਆਤ ਕੀਤੀ ਸੀ ਪਰ ਜੋਹਾਨੈੱਸਬਰਗ ਵਿਚ ਦੂਜਾ ਮੈਚ ਸੱਤ ਵਿਕਟਾਂ ਨਾਲ ਹਾਰ ਗਿਆ ਸੀ। ਇਸ ਤਰ੍ਹਾਂ ਨਾਲ ਭਾਰਤ ਸੱਤਵੀਂ ਵਾਰ ਦੱਖਣੀ ਅਫ਼ਰੀਕਾ ਵਿਚ ਟੈਸਟ ਲੜੀ ਹਾਰਿਆ। ਇਸ ਵਿਚਾਲੇ ਉਸ ਨੇ ਇਕ ਵਾਰ 2010-11 ਵਿਚ ਲੜੀ 1-1 ਨਾਲ ਬਰਾਬਰ ਕੀਤੀ ਸੀ। -ਪੀਟੀਆਈ