ਟੋਕੀਓ, 31 ਜੁਲਾਈ
ਭਾਰਤੀ ਨਿਸ਼ਾਨੇਬਾਜ਼ ਅੰਜੁਮ ਮੌਦਗਿਲ ਅਤੇ ਤੇਜਸਵਿਨੀ ਸਾਵੰਤ ਅੱਜ ਓਲੰਪਿਕ ’ਚ ਔਰਤਾਂ ਦੇ 50 ਮੀਟਰ ਰਾਈਫਲ ਥ੍ਰੀ-ਪੁਜ਼ੀਸ਼ਨ ਮੁਕਾਬਲੇ ਦੇ ਫਾਈਨਲ ’ਚ ਥਾਂ ਬਣਾਉਣ ਤੋਂ ਖੁੰਝ ਗਈਆਂ ਹਨ। ਉਹ ਇਸ ਮੁਕਾਬਲੇ ’ਚ ਕ੍ਰਮਵਾਰ 15ਵੇਂ ਤੇ 33ਵੇਂ ਸਥਾਨ ’ਤੇ ਰਹੀਆਂ। ਓਲੰਪਿਕ ਵਿੱਚ ਭਾਰਤੀ ਨਿਸ਼ਾਨੇਬਾਜ਼ਾਂ ਦਾ ਖ਼ਰਾਬ ਪ੍ਰਦਰਸ਼ਨ ਅੱਜ ਵੀ ਜਾਰੀ ਰਿਹਾ। ਸੌਰਭ ਚੌਧਰੀ ਨੂੰ ਛੱਡ ਕੇ ਹੋਰ ਕੋਈ ਵੀ ਨਿਸ਼ਾਨੇਬਾਜ਼ ਫਾਈਨਲ ’ਚ ਥਾਂ ਨਹੀਂ ਬਣਾ ਸਕਿਆ। ਅੰਜੁਮ ਨੇ ‘54 ਇੰਨਰ 10’ ਨਾਲ 1,167 ਅੰਕ ਬਣਾਏ ਜਦਕਿ ਤਜਰਬੇਕਾਰ ਤੇਜਸਵਿਨੀ ਸਟੈਂਡਿੰਗ, ਨੀਲਿੰਗ ਅਤੇ ਪ੍ਰੋਨ ਪੁਜ਼ੀਸ਼ਨ ਦੀ ਲੜੀ ’ਚ 1,154 ਅੰਕ ਹੀ ਬਣਾ ਸਕੀ। ਅੰਜੁਮ ਨੀਲਿੰਗ ’ਚੋਂ 390 (400 ਅੰਕਾਂ ਵਿੱਚੋਂ) ਅਤੇ ਪ੍ਰੋਨ ’ਚ 395 ਅੰਕਾਂ ਨਾਲ ਇੱਕ ਸਮੇਂ ਪੰਜਵੇਂ ਸਥਾਨ ’ਤੇ ਸੀ ਅਤੇ ਉਸ ਦੇ ਫਾਈਨਲ ’ਚ ਪਹੁੰਚਣ ਦੀ ਸੰਭਾਵਨਾ ਸੀ, ਪਰ ਸਟੈਂਡਿੰਗ ’ਚ ਉਹ ਇਹ ਲੈਅ ਬਰਕਰਾਰ ਨਾ ਰੱਖ ਸਕੀ। -ਪੀਟੀਆਈ